ਜਲੰਧਰ (ਸਾਹਿਬ): ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁਕਰਵਾਰ ਨੂੰ ਜਲੰਧਰ ਵਿਚ PAP ਗਰਾਊਂਡ ‘ਚ ‘ਫਤਿਹ ਰੈਲੀ’ ਨੂੰ ਸੰਬੋਧਨ ਕਰਨ ਪਹੁੰਚੇ। ‘ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ’ ਬੁਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ।
- ਜਲੰਧਰ ਲੋਕ ਸਭਾ ਤੋਂ ਭਾਜਪਾ ਦੇ ਉਮਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਲੰਧਰ ਮੇਰੇ ਲਈ ਕੋਈ ਨਵਾਂ ਨਹੀਂ ਹੈ। ਉਨ੍ਹਾਂ INDIA ਗਠੋਜੜ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜੋ ਲੋਕ ਕੱਲ੍ਹ ਭਾਜਪਾ ਖ਼ਿਲਾਫ਼ ਗੁਬਾਰਾ ਫੁਲਾ ਰਹੇ ਸਨ, ਉਨ੍ਹਾਂ ਦਾ ਗੁਬਾਰਾ ਹੁਣ ਫੁੱਟ ਚੁੱਕਿਆ ਹੈ। ਪੰਜ ਗੇੜਾਂ ਦੀਆਂ ਹੋਈਆਂ ਚੋਣਾਂ ਦੌਰਾਨ INDIA ਗਠਜੋੜ ਦਾ ਗੁਬਾਰਾ ਫੁੱਟ ਗਿਆ ਹੈ। ਪੰਜ ਗੇੜ ‘ਚ ਹੀ INDIA ਗਠਜੋੜ ਹਾਰ ਚੁੱਕਾ ਹੈ। ਕੋਈ INDIA ਗਠਜੋੜ ਨੂੰ ਵੋਟ ਦੇ ਕੇ ਵੋਟ ਕਿਉਂ ਖ਼ਰਾਬ ਕਰੇਗਾ।
- ਕਾਂਗਰਸ ‘ਤੇ ਸ਼ਬਦੀ ਹਮਲੇ ਕਰਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਗ਼ਰੀਬੀ ਦਾ ਸੰਕਟ ਡੂੰਘਾ ਹੋ ਰਿਹਾ ਸੀ। ਮੋਦੀ ਦੀ ਸਰਕਾਰ ਦੌਰਾਨ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ। ਦੇਸ਼ ਵਿਚ ਹੁਣ ਅਰਥ ਵਿਵਸਥਾ ਸੁਧਰ ਰਹੀ ਹੈ। ਕਾਂਗਰਸ ਦੇ ਸਮੇਂ ਵਿਚ ਨਵੀਆਂ-ਨਵੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਸਨ, ਜਿਨ੍ਹਾਂ ਦਾ ਹੱਲ ਅਸੀਂ ਕੱਢਿਆ ਹੈ। ਆਪਣੇ ਪਰਿਵਾਰ ਨੂੰ ਸੱਤਾ ਦਿਵਾਉਣ ਲਈ ਪੰਜਾਬ ਵੰਡ ਦਿੱਤਾ ਗਿਆ ਸੀ। ਕਰਤਾਰਪੁਰ ਸਾਹਿਬ ਦਾ ਜ਼ਿਕਰ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਹੀ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਨੂੰ ਸੌਂਪਿਆ। ਕਾਂਗਰਸ ਨੇ ਆਪਣੇ ਚਹੇਤਿਆਂ ਤੋਂ ਆਪਣੇ ਅਤੇ ਮੁਗਲਾਂ ਬਾਰੇ ਇਤਿਹਾਸ ਲਿਖਵਾਇਆ। ਭਾਜਪਾ ਨੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਅਤੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ੍ਹਵਾਇਆ।\
- ਮੋਦੀ ਨੇ ਅੱਗੇ ਕਿਹਾ ਕਿ ਪਹਿਲਾਂ ਦੇਸ਼ ਵਿਚ ਅੱਤਵਾਦ ਦਾ ਖ਼ਤਰਾ ਵੱਧਦਾ ਜਾ ਰਿਹਾ ਸੀ, ਜਿਸ ਦੀ ਕਮਰ ਮੋਦੀ ਸਰਕਾਰ ਨੇ ਤੋੜ ਕੇ ਰੱਖ ਦਿੱਤੀ ਹੈ। ਜਿੱਥੇ ਕਾਂਗਰਸ ਹੈ, ਉਥੇ ਸਮੱਸਿਆਵਾਂ ਹਨ, ਜਿੱਥੇ ਭਾਜਪਾ ਹੈ, ਉਥੇ ਸਮੱਸਿਆਵਾਂ ਦਾ ਹੱਲ ਹੈ। ਪੰਜਾਬ ਸਾਡੇ ਗੁਰੂਆਂ ਦੀ ਪਵਿਤਰ ਧਰਤੀ ਹੈ ਪਰ ਕਾਂਗਰਸ ਨੇ ਪੰਜਾਬ ਨੂੰ ਕਦੇ ਵੀ ਜ਼ਮੀਨ ਦੇ ਟੁਕੜੇ ਤੋਂ ਵੱਧ ਨਹੀਂ ਮੰਨਿਆ। ਉਨ੍ਹਾਂ ਕਿਹਾ ਕਿ ਜਲੰਧਰ ਦੇ ਲੋਕਾਂ ਨੂੰ ਜੇਕਰ ਪੁੱਛਿਆ ਜਾਵੇ ਕਿ ਕਿਸ ਦੀ ਸਰਕਾਰ ਬਣੇਗੀ ਤਾਂ ਜਲੰਧਰ ਦੇ ਲੋਕ ਇਹੀ ਕਹਿਣਗੇ ਕਿ ਮੋਦੀ ਦੀ ਸਰਕਾਰ ਦੋਬਾਰਾ ਬਣੇਗੀ। ਉਨ੍ਹਾਂ ਕਿਹਾ ਕਿ ਇਹ ਪੱਕਾ ਹੋ ਚੁੱਕਾ ਹੈ ਕਿ ਫਿਰ ਇਕ ਵਾਰ ਮੋਦੀ ਸਰਕਾਰ ਆਵੇਗੀ।