ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਪੰਜਾਬ ਦੌਰੇ ‘ਤੇ ਆ ਰਹੇ ਹਨ। ਪੀਐਮ ਮੋਦੀ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਪਹੁੰਚਣਗੇ। ਜਿੱਥੇ ਉਹ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ। ਇਹ ਹਸਪਤਾਲ ਕੈਂਸਰ ਦੇ ਸਸਤੇ ਇਲਾਜ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ। ਇਹ ਹਸਪਤਾਲ ਗੁਆਂਢੀ ਰਾਜਾਂ ਤੋਂ ਆਏ ਕੈਂਸਰ ਦੇ ਮਰੀਜ਼ਾਂ ਲਈ ਵੀ ਵਰਦਾਨ ਸਾਬਤ ਹੋਵੇਗਾ।
ਜ਼ਿਕਰਯੋਗ ਹੈ ਕਿ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ 300 ਬਿਸਤਰਿਆਂ ਦੀ ਸਮਰੱਥਾ ਵਾਲੀ ਸਿਹਤ ਸੰਸਥਾ ਹੈ, ਜੋ ਇਸ ਸਮੇਂ ਅੰਸ਼ਕ ਤੌਰ ‘ਤੇ ਕੰਮ ਕਰ ਰਹੀ ਹੈ। ਇਸ ਵਿੱਚ ਸਰਜੀਕਲ ਓਨਕੋਲੋਜੀ, ਮੈਡੀਕਲ ਓਨਕੋਲੋਜੀ, ਰੇਡੀਏਸ਼ਨ ਓਨਕੋਲੋਜੀ, ਪ੍ਰੀਵੈਨਟਿਵ ਓਨਕੋਲੋਜੀ, ਐਨਸਥੀਸੀਆ ਅਤੇ ਪੈਲੀਏਟਿਵ ਕੇਅਰ ਵਰਗੇ ਵੱਖ-ਵੱਖ ਵਿਭਾਗਾਂ ਦੀਆਂ ਓ.ਪੀ.ਡੀਜ਼ ਸ਼ੁਰੂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਵੱਖ-ਵੱਖ ਕਿਸਮ ਦੇ ਕੈਂਸਰ ਦੇ ਪ੍ਰਬੰਧਨ ਲਈ ਐਮ.ਆਰ.ਆਈ., ਸੀ.ਟੀ., ਮੈਮੋਗ੍ਰਾਫੀ, ਡਿਜੀਟਲ ਰੇਡੀਓਗ੍ਰਾਫੀ, ਲਾਈਨ ਏ.ਸੀ.ਆਰ.ਟੀ., ਬ੍ਰੈਕੀਥੈਰੇਪੀ ਵਰਗੀਆਂ ਅਤਿ-ਆਧੁਨਿਕ ਸਹੂਲਤਾਂ ਉਪਲਬਧ ਹਨ।