ਕਰਾਚੀ: ਪਾਕਿਸਤਾਨ ਦੇ ਜਮਸ਼ੋਰੋ ਜ਼ਿਲ੍ਹੇ ਵਿੱਚ ਨੁਕਸਦਾਰ ਏਅਰ ਕੰਡੀਸ਼ਨਿੰਗ ਸਿਸਟਮ ਕਾਰਨ ਇੱਕ ਯਾਤਰੀ ਬੱਸ ਵਿੱਚ ਅੱਗ ਲੱਗਣ ਕਾਰਨ ਅੱਠ ਬੱਚਿਆਂ ਸਮੇਤ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 28 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਇਕ ਚੋਟੀ ਦੇ ਪੁਲਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਸ ਜ਼ਿਲੇ ਦੇ ਨੂਰੀਾਬਾਦ ਇਲਾਕੇ ‘ਚ ਪਹੁੰਚੀ। ਪੁਲਿਸ ਮੁਤਾਬਕ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੱਗ ਗੱਡੀ ਦੇ ਏਅਰ ਕੰਡੀਸ਼ਨਿੰਗ ਸਿਸਟਮ ‘ਚ ਖਰਾਬੀ ਕਾਰਨ ਲੱਗੀ ਹੈ।
ਯਾਤਰੀ ਬੱਸ ਕਰਾਚੀ ਤੋਂ ਦਾਦੂ ਜ਼ਿਲ੍ਹੇ ਦੇ ਖੈਰਪੁਰ ਨਾਥਨ ਸ਼ਾਹ ਇਲਾਕੇ ਵੱਲ ਜਾ ਰਹੀ ਸੀ। ਪੁਲਿਸ, ਬਚਾਅ ਦਲ ਅਤੇ ਫਾਇਰਫਾਈਟਰਜ਼ ਮੌਕੇ ‘ਤੇ ਪਹੁੰਚ ਗਏ, ਅੱਗ ‘ਤੇ ਕਾਬੂ ਪਾਇਆ ਅਤੇ ਪੀੜਤਾਂ ਅਤੇ ਜ਼ਖਮੀਆਂ ਨੂੰ ਜਮਸ਼ੋਰੋ ਦੇ ਲਿਆਕਤ ਯੂਨੀਵਰਸਿਟੀ ਹਸਪਤਾਲ ‘ਚ ਦਾਖਲ ਕਰਵਾਇਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤਾਂ ਵਿੱਚ ਨੌਂ ਔਰਤਾਂ ਅਤੇ ਅੱਠ ਬੱਚੇ ਸ਼ਾਮਲ ਹਨ।
ਹਸਪਤਾਲ ਦੇ ਅਧਿਕਾਰੀਆਂ ਨੇ ਖ਼ਦਸ਼ਾ ਜਤਾਇਆ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਕਈ ਜ਼ਖ਼ਮੀ ਗੰਭੀਰ ਰੂਪ ਵਿੱਚ ਝੁਲਸ ਗਏ ਸਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਬੱਸ ਵਿੱਚ 55 ਸਵਾਰੀਆਂ ਸਵਾਰ ਸਨ ਜੋ ਕਿ ਖੈਰਪੁਰ ਨਾਥਨ ਸ਼ਾਹ ਖੇਤਰ ਵਿੱਚ ਸਥਿਤ ਇੱਕ ਹੀ ਪਿੰਡ ਨਾਲ ਸਬੰਧਤ ਸਨ।