ਭੁਵਨੇਸ਼ਵਰ (ਸਾਹਿਬ) : ਓਡੀਸ਼ਾ ਦੇ ਝਾਰਸੁਗੁਡਾ ਜ਼ਿਲੇ ‘ਚ ਮਹਾਨਦੀ ਨਦੀ ‘ਚ ਕਿਸ਼ਤੀ ਹਾਦਸੇ ਤੋਂ ਬਾਅਦ ਜਾਰੀ ਬਚਾਅ ਕਾਰਜ ਸ਼ਨੀਵਾਰ ਨੂੰ ਖਤਮ ਹੋ ਗਿਆ। ਸ਼ਨੀਵਾਰ ਤੱਕ ਜਾਰੀ ਤਲਾਸ਼ੀ ਮੁਹਿੰਮ ਦੌਰਾਨ ਛੇ ਹੋਰ ਲਾਸ਼ਾਂ ਮਿਲਣ ਨਾਲ ਮਰਨ ਵਾਲਿਆਂ ਦੀ ਗਿਣਤੀ 8 ਤੱਕ ਪਹੁੰਚ ਗਈ।
- ਇਹ ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਹੀਰਾਕੁੜ ਜਲ ਭੰਡਾਰ ਤੋਂ ਤਲਾਸ਼ੀ ਮੁਹਿੰਮ ਨੂੰ ਰੋਕ ਦਿੱਤਾ ਗਿਆ ਹੈ। 5 ਔਰਤਾਂ ਅਤੇ 3 ਬੱਚਿਆਂ ਦੀਆਂ ਲਾਸ਼ਾਂ ਹੀਰਾਕੁੜ ਜਲ ਭੰਡਾਰ ‘ਚੋਂ ਮਿਲੀਆਂ, ਜੋ ਸਾਰੇ ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ ਦੀ ਖਰਸੀਆ ਤਹਿਸੀਲ ਦੇ ਅੰਜੋਰੀਪਲੀ ਪਿੰਡ ਦੇ ਰਹਿਣ ਵਾਲੇ ਸਨ।
ਜਿਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ, ਉਨ੍ਹਾਂ ਵਿੱਚ ਰਾਧਿਕਾ ਨਿਸ਼ਾਦ (40), ਤੇਰਸ ਬਾਈ ਰਾਠੀਆ (60), ਰਾਧਿਕਾ ਬਾਈ ਰਾਠੀਆ (35), ਘਸਨੀਨ ਬਾਈ ਰਾਠੀਆ (40) ਅਤੇ ਲਛੀਨ ਬਾਈ ਰਾਠੀਆ (40) ਸ਼ਾਮਲ ਹਨ। ਇਸ ਦੇ ਨਾਲ ਹੀ ਬੱਚਿਆਂ ਵਿੱਚ ਕੁਨਾਲ ਰਾਠੀਆ (9), ਨਬੀਨ ਰਾਠੀਆ (7), ਟਿਕੇਸ਼ਵਰ ਰਾਠੀਆ (7) ਦੇ ਨਾਂ ਸਾਹਮਣੇ ਆਏ ਹਨ। - ਇਸ ਹਾਦਸੇ ਦੇ ਚਸ਼ਮਦੀਦਾਂ ਅਤੇ ਇਲਾਕਾ ਨਿਵਾਸੀਆਂ ਅਨੁਸਾਰ ਕਿਸ਼ਤੀ ਦੇ ਓਵਰਲੋਡ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਸਰਕਾਰ ਨੇ ਹਾਦਸੇ ਦੀ ਪੂਰੀ ਜਾਂਚ ਦਾ ਭਰੋਸਾ ਦਿੱਤਾ ਹੈ।