ਚੰਡੀਗੜ੍ਹ: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਸੂਬੇ ਵਿੱਚ ਰੁਜ਼ਗਾਰ ਵਧਾਉਣ ਵਿੱਚ ਲੱਗੀ ਹੋਈ ਹੈ, ਉੱਥੇ ਹੀ ਦੂਜੇ ਪਾਸੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਨੌਜਵਾਨਾਂ ਦਾ ਗੁੱਸਾ ਵੀ ਵੱਧਦਾ ਜਾ ਰਿਹਾ ਹੈ। ਸਰਕਾਰ ਦੇ 6 ਮਹੀਨਿਆਂ ਦੇ ਕਾਰਜਕਾਲ ‘ਤੇ ਵੀ ਲੋਕ ਸਵਾਲ ਉਠਾ ਰਹੇ ਹਨ।
ਇਸ ਦੇ ਨਾਲ ਹੀ ਅੱਜ ਚੰਡੀਗੜ੍ਹ ਵਿਖੇ ਐਨਐਸਯੂਆਈ ਦੇ ਨਵ-ਨਿਯੁਕਤ ਪ੍ਰਧਾਨ ਈਸ਼ਰ ਪ੍ਰੀਤ ਸਿੰਘ ਦੀ ਅਗਵਾਈ ਹੇਠ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੱਦੇਨਜ਼ਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਕਾਰਨ ਮੁੱਖ ਮੰਤਰੀ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੌਰਾਨ ਪੁਲਿਸ ਅਤੇ ਵਿਦਿਆਰਥੀਆਂ ਵਿਚਾਲੇ ਹੱਥੋਪਾਈ ਹੋ ਗਈ। ਜਿਸ ‘ਚ ਉਨ੍ਹਾਂ ‘ਤੇ ਜਲ ਤੋਪਾਂ ਛੱਡੀਆਂ ਗਈਆਂ। ਇਸ ਝੜਪ ਵਿੱਚ ਕਈ ਵਿਦਿਆਰਥੀਆਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।