ਨਵੀਂ ਦਿੱਲੀ (ਰਾਘਵ):ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਆਪਣਾ ਲਗਾਤਾਰ ਸੱਤਵਾਂ ਬਜਟ ਪੇਸ਼ ਕੀਤਾ। ਉਨ੍ਹਾਂ ਲਗਪਗ ਡੇਢ ਘੰਟਾ ਭਾਸ਼ਣ ਦਿੱਤਾ। ਉਨ੍ਹਾਂ ਇਸ ਬਜਟ ਵਿਚ ਮੁਲਾਜ਼ਮ ਵਰਗ ਨੂੰ ਕੁਝ ਰਾਹਤ ਦਿੱਤੀ। ਹੁਣ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਨ ਵਾਲਿਆਂ ਲਈ 7.75 ਲੱਖ ਰੁਪਏ ਤੱਕ ਦੀ ਆਮਦਨ ਕਰ ਮੁਕਤ ਹੋ ਗਈ ਹੈ ਤੇ ਉਨ੍ਹਾਂ ਨੂੰ ਇਸ ਬਜਟ ਤੋਂ ਸਾਢੇ ਸਤਾਰਾਂ ਹਜ਼ਾਰ ਰੁਪਏ ਦਾ ਫਾਇਦਾ ਹੋਇਆ ਹੈ। ਵਿੱਤ ਮੰਤਰੀ ਨੇ ਬਿਹਾਰ ਨੂੰ 58.9 ਹਜ਼ਾਰ ਕਰੋੜ ਰੁਪਏ ਅਤੇ ਆਂਧਰਾ ਪ੍ਰਦੇਸ਼ ਨੂੰ 15 ਹਜ਼ਾਰ ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਦੇ ਬੁਨਿਆਦੀ ਢਾਂਚੇ ਤੇ ਵਿਕਾਸ ਲਈ ਵਿਸ਼ੇਸ਼ ਯੋਜਨਾ ਲਿਆਉਣ ਦਾ ਵੀ ਵਾਅਦਾ ਕੀਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2024-25 ਲਈ ਆਮਦਨ-ਕਰ ਤੋਂ ਰਾਹਤ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰ ਦਾ ਟੀਚਾ ਟੈਕਸ ਕਾਨੂੰਨਾਂ ਨੂੰ ਸਰਲ ਬਣਾਉਣਾ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ।
ਵਿੱਤ ਮੰਤਰੀ ਨੇ ਕਾਰਪੋਰੇਟ ਟੈਕਸ ਪ੍ਰਣਾਲੀ ਦੀ ਮਜ਼ਬੂਤੀ ਲਈ ਕਈ ਐਲਾਨ ਕੀਤੇ। ਕੇਂਦਰੀ ਵਿੱਤ ਮੰਤਰੀ ਨੇ ਨਿੱਜੀ ਆਮਦਨ ਟੈਕਸ ਲਈ ਟੈਕਸ ਸਲੈਬਾਂ ਨੂੰ ਵਧਾ ਕੇ ਟੈਕਸ ਦੇਣ ਵਾਲਿਆਂ ਨੂੰ ਕੁਝ ਰਾਹਤ ਦਿੱਤੀ ਹੈ। ਨਵੀਂ ਟੈਕਸ ਸਲੈਬ ਵਿੱਚ ਹੁਣ ਪਿਛਲੇ ਸਾਲ ਦੀ ਤਰ੍ਹਾਂ 3 ਲੱਖ ਰੁਪਏ ਦੀ ਆਮਦਨ ਤੱਕ ਕੋਈ ਟੈਕਸ ਨਹੀਂ ਹੋਵੇਗਾ ਪਰ ਹੁਣ 3 ਤੋਂ 7 ਲੱਖ ਰੁਪਏ ਦੀ ਆਮਦਨ ’ਤੇ 5 ਫੀਸਦੀ ਟੈਕਸ ਲੱਗੇਗਾ, ਪਹਿਲਾਂ 3 ਤੋਂ 6 ਲੱਖ ਰੁਪਏ ਦੀ ਆਮਦਨ ’ਤੇ 5 ਫੀਸਦੀ ਟੈਕਸ ਲਗਾਇਆ ਜਾਂਦਾ ਸੀ। 7-10 ਲੱਖ ਰੁਪਏ ਦੀ ਆਮਦਨ ’ਤੇ ਹੁਣ 10 ਫੀਸਦੀ ਟੈਕਸ ਲੱਗੇਗਾ, ਪਹਿਲਾਂ ਇਹ 6-9 ਲੱਖ ਰੁਪਏ ਦੀ ਆਮਦਨ ’ਤੇ ਸੀ। 10-12 ਲੱਖ ਰੁਪਏ ਦੀ ਆਮਦਨ ’ਤੇ ਹੁਣ 15 ਫੀਸਦੀ ਟੈਕਸ ਲੱਗੇਗਾ, ਪਹਿਲਾਂ ਇਹ 9-12 ਲੱਖ ਦੀ ਆਮਦਨ ’ਤੇ ਸੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਦਾ ਧਿਆਨ ਗਰੀਬਾਂ, ਔਰਤਾਂ, ਨੌਜਵਾਨਾਂ ਤੇ ਕਿਸਾਨਾਂ ’ਤੇ ਰਹੇਗਾ ਤੇ ਸਰਕਾਰ ਨੌਕਰੀਆਂ ਦੇ ਮੌਕੇ ਵਧਾਏਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪਹਿਲੀ ਨੌਕਰੀ ਮਿਲਣ ’ਤੇ 15 ਹਜ਼ਾਰ ਰੁਪਏ ਸਿੱਧੇ ਈਪੀਐਫਓ ਖਾਤੇ ਵਿਚ ਮਿਲਣਗੇ। ਪਹਿਲੀ ਨੌਕਰੀ ਵਾਲੇ ਜਿਨ੍ਹਾਂ ਨੌਜਵਾਨਾਂ ਦੀ ਤਨਖਾਹ ਇਕ ਲੱਖ ਤੋਂ ਘੱਟ ਹੈ, ਉਨ੍ਹਾਂ ਨੂੰ ਈਪੀਐਫਓ ਵਿਚ ਪਹਿਲੀ ਵਾਰ ਰਜਿਸਟਰ ਕਰਨ ਲਈ 15 ਹਜ਼ਾਰ ਰੁਪਏ ਦੀ ਮਦਦ ਤਿੰਨ ਕਿਸ਼ਤਾਂ ਵਿਚ ਦਿੱਤੀ ਜਾਵੇਗੀ।