ਮੁਹਾਲੀ (ਹਰਮੀਤ) : ਪੰਜਾਬ ਸਰਕਾਰ ਨੇ ਜਨਤਕ ਟਰਾਂਸਪੋਰਟ ਨੂੰ ਆਮ ਲੋਕਾਂ, ਔਰਤਾਂ ਤੇ ਬੱਚਿਆਂ ਲਈ ਸੁਰੱਖਿਅਤ ਬਣਾਉਣ ਲਈ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਹਾਲ ਹੀ ਵਿਚ ਮੋਹਾਲੀ ਸਥਿਤ ਆਈਟੀ ਕੰਪਨੀ ਸੀ-ਡੈਕ ਨਾਲ ਸਮਝੌਤਾ ਕੀਤਾ ਹੈ। ਇਸ ਤਹਿਤ ਇਹ ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ।
ਕੋਲਕਾਤਾ ਦੇ ਇਕ ਹਸਪਤਾਲ ਵਿਚ ਮਹਿਲਾ ਡਾਕਟਰ ਨਾਲ ਜਬਰ-ਜਨਾਹ ਅਤੇ ਹੱਤਿਆ ਦੇ ਮਾਮਲੇ ਤੋਂ ਬਾਅਦ ਦੇਸ਼ ਭਰ ਵਿਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਮੰਗ ਉੱਠ ਰਹੀ ਹੈ। ਅਜਿਹੇ ‘ਚ ਪੰਜਾਬ ਸਰਕਾਰ ਜਨਤਕ ਟਰਾਂਸਪੋਰਟ ‘ਚ ਵੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ।
ਪੰਜਾਬ ਦੇ ਟਰਾਂਸਪੋਰਟ ਸਕੱਤਰ ਦਿਲਰਾਜ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪੰਜਾਬ ਦੀਆਂ ਸਾਰੀਆਂ ਬੱਸਾਂ ਅਤੇ ਟੈਕਸੀਆਂ ਵਿਚ ਪੈਨਿਕ ਬਟਨ ਲਗਾਏ ਜਾਣਗੇ ਅਤੇ ਜੀਪੀਐੱਸ ਸਿਸਟਮ ਲਗਾਇਆ ਜਾਵੇਗਾ, ਜਿਸ ਨਾਲ ਬੱਸ ਜਾਂ ਟੈਕਸੀ ਵਿਚ ਕੋਈ ਹਾਦਸਾ ਹੋਣ ਦੀ ਸੂਰਤ ਵਿਚ ਉਸ ਵਾਹਨ ਦੀ ਲੋਕੇਸ਼ਨ ਟਰੈਕ ਹੋ ਸਕੇ।
ਵਾਹਨਾਂ ਵਿਚ ਪੈਨਿਕ ਬਟਨ ਲਗਾਏ ਜਾਣਗੇ, ਜਿਸ ਨਾਲ ਜੇ ਕੋਈ ਔਰਤ ਮੁਸੀਬਤ ਵਿੱਚ ਹੈ ਤਾਂ ਉਹ ਬਟਨ ਦਬਾਏਗੀ ਤਾਂ ਹੀ ਕਮਾਂਡ ਕੰਟਰੋਲ ਸੈਂਟਰ ਅਤੇ ਪੁਲਿਸ ਕੋਲ ਮੈਸੇਜ ਜਾਵੇਗਾ ਅਤੇ ਉਸ ਵਾਹਨ ਦੀ ਲੋਕੇਸ਼ਨ ਵੀ ਟਰੈਕ ਕੀਤੀ ਜਾਵੇਗੀ।