ਮੁਜ਼ੱਫਰਪੁਰ (ਰਾਘਵ) : ਬਿਹਾਰ ਦੇ ਮੁਜ਼ੱਫਰਪੁਰ ਜ਼ਿਲੇ ‘ਚ ਹਵਾਈ ਫੌਜ ਦੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹੈਲੀਕਾਪਟਰ ਹੜ੍ਹ ਰਾਹਤ ਸਮੱਗਰੀ ਵੰਡਦੇ ਸਮੇਂ ਕਰੈਸ਼ ਹੋ ਗਿਆ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਜ਼ਿਲੇ ਦੇ ਔਰਈ ਬਲਾਕ ‘ਚ ਏਅਰ ਫੋਰਸ ਦਾ ਹੈਲੀਕਾਪਟਰ ਪਾਣੀ ‘ਚ ਡਿੱਗ ਗਿਆ। ਹਾਲਾਂਕਿ ਹੈਲੀਕਾਪਟਰ ਦੇ ਕਰੈਸ਼ ਹੋਣ ਤੋਂ ਬਾਅਦ ਇਸ ‘ਚ ਸਵਾਰ ਚਾਰ ਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਹਵਾਈ ਸੈਨਾ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਹਾਦਸਾ ਕਿਉਂ ਵਾਪਰਿਆ? ਅਤੇ ਕਸੂਰ ਕਿਸ ਦਾ ਸੀ? ਹਵਾਈ ਸੈਨਾ ਨੇ ਫਿਲਹਾਲ ਇਸ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਕੁਝ ਸੂਤਰਾਂ ਦਾ ਕਹਿਣਾ ਹੈ ਕਿ ਖਰਾਬ ਮੌਸਮ ਅਤੇ ਹੜ੍ਹ ਦੇ ਪਾਣੀ ਕਾਰਨ ਹੈਲੀਕਾਪਟਰ ਆਪਣਾ ਸੰਤੁਲਨ ਗੁਆ ਬੈਠਾ ਹੈ। ਹਾਲਾਂਕਿ ਇਸ ਪਿੱਛੇ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਘਟਨਾ ਤੋਂ ਬਾਅਦ ਰਾਹਤ ਕਾਰਜਾਂ ਵਿਚ ਕੋਈ ਵਿਘਨ ਨਹੀਂ ਪਿਆ ਹੈ ਅਤੇ ਹੋਰ ਹੈਲੀਕਾਪਟਰਾਂ ਰਾਹੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ।