ਮੁੰਬਈ (ਸਾਹਿਬ) : ਸੋਮਵਾਰ 13 ਮਈ ਨੂੰ ਦੁਪਹਿਰ 3 ਵਜੇ ਅਚਾਨਕ ਮੌਸਮ ਨੇ ਕਰਵਟ ਲੈ ਲਿਆ। ਧੂੜ ਭਰੀ ਹਨੇਰੀ ਤੋਂ ਬਾਅਦ ਮੀਂਹ ਵੀ ਸ਼ੁਰੂ ਹੋ ਗਿਆ। ਤੇਜ਼ ਹਨੇਰੀ ਅਤੇ ਤੂਫਾਨ ਕਾਰਨ ਦਿਨ ਆਪਣੇ ਆਪ ਹੀ ਰਾਤ ਵਰਗਾ ਲੱਗਣ ਲੱਗ ਪਿਆ ਅਤੇ ਹਨੇਰਾ ਛਾ ਗਿਆ। ਇਸ ਕਾਰਨ ਘਾਟਕੋਪਰ ਦੇ ਪੈਟਰੋਲ ਪੰਪ ‘ਤੇ 100 ਫੁੱਟ ਲੰਬਾ ਹੋਰਡਿੰਗ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ 59 ਲੋਕ ਜ਼ਖਮੀ ਹੋ ਗਏ।
- ਇਕ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਹਾਦਸਾ ਦੁਪਹਿਰ ਕਰੀਬ 3.30 ਵਜੇ ਜਿਮਖਾਨੇ ਨੇੜੇ ਵਾਪਰਿਆ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.), ਫਾਇਰ ਬ੍ਰਿਗੇਡ ਅਤੇ ਪੁਲਸ ਦੀਆਂ ਟੀਮਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਮੌਕੇ ‘ਤੇ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਕਈ ਲੋਕ ਜ਼ਖ਼ਮੀ ਹੋਏ ਹਨ। ਰਾਹਤ ਅਤੇ ਬਚਾਅ ਕਾਰਜਾਂ ਦੌਰਾਨ ਕ੍ਰੇਨ ਅਤੇ ਗੈਸ ਕਟਰ ਦੀ ਵਰਤੋਂ ਕੀਤੀ ਗਈ ਹੈ। ਬੀਐਮਸੀ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
- ਦੱਸ ਦਈਏ ਕਿ ਘਾਟਕੋਪਰ ‘ਚ ਹੋਏ ਹਾਦਸੇ ਦੇ ਮਾਮਲੇ ‘ਚ ਬ੍ਰਿਹਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ (ਬੀਐੱਮਸੀ) ਰੇਲਵੇ ਅਤੇ ਵਿਗਿਆਪਨ ਕੰਪਨੀ ਈਗੋ ਮੀਡੀਆ ਦੇ ਖਿਲਾਫ ਮਾਮਲਾ ਦਰਜ ਕਰੇਗੀ। BMC ਦਾ ਕਹਿਣਾ ਹੈ ਕਿ ਰੇਲਵੇ ਅਤੇ ਵਿਗਿਆਪਨ ਕੰਪਨੀ ਦੇ ਖਿਲਾਫ ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਦੂਜੇ ਪਾਸੇ ਕੇਂਦਰੀ ਰੇਲਵੇ ਦੇ ਅਧਿਕਾਰੀ ਸਵਪਨਿਲ ਨੀਲਾ ਦਾ ਕਹਿਣਾ ਹੈ ਕਿ ਜਿਸ ਜ਼ਮੀਨ ‘ਤੇ ਹੋਰਡਿੰਗ ਲਗਾਏ ਗਏ ਸਨ, ਉਹ ਕੇਂਦਰੀ ਰੇਲਵੇ ਦੀ ਨਹੀਂ ਸਗੋਂ ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਦੀ ਹੈ।