ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਨੇ ਵੱਡਾ ਤੋਹਫ਼ਾ ਦਿੰਦਿਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ 15 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਦਰਅਸਲ ਲਕਸ਼ਦੀਪ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 15.3 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਕੀਤੀ ਗਈ ਹੈ। ਇੰਡੀਅਨ ਆਇਲ ਕਾਰਪੋਰੇਸ਼ਨ (IOC) ਨੇ ਦੂਰ-ਦੁਰਾਡੇ ਦੇ ਟਾਪੂਆਂ ਤੱਕ ਈਂਧਨ ਪਹੁੰਚਾਉਣ ਲਈ ਵਿਸ਼ੇਸ਼ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ। ਇਨ੍ਹਾਂ ਖੇਤਰਾਂ ਵਿੱਚ ਈਂਧਨ ਪਹੁੰਚਾਉਣ ਦੀ ਲਾਗਤ ਦੀ ਵਸੂਲੀ ਕਰਨ ਤੋਂ ਇਲਾਵਾ, ਸਰਕਾਰ ਨੇ ਵਾਧੂ ਖਰਚੇ ਹਟਾਉਣ ਦਾ ਫੈਸਲਾ ਕੀਤਾ ਹੈ, ਜਿਸ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ।
ਆਈਓਸੀ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ, ਪੈਟਰੋਲੀਅਮ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ। “Kavaratti ਅਤੇ Minicoy ਵਿੱਚ ਪੈਟਰੋਲ ਦੀ ਕੀਮਤ ਪਹਿਲਾਂ 105.94 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 100.75 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਐਂਡਰੋਟ ਅਤੇ ਕਲਪੇਨੀ ‘ਚ ਪੈਟਰੋਲ ਦੀ ਕੀਮਤ 116.13 ਰੁਪਏ ਪ੍ਰਤੀ ਲੀਟਰ ਤੋਂ ਘੱਟ ਕੇ 100.75 ਰੁਪਏ ਪ੍ਰਤੀ ਲੀਟਰ ਹੋ ਗਈ ਹੈ”।
ਇਸੇ ਤਰ੍ਹਾਂ ਕਾਵਰੱਤੀ ਅਤੇ ਮਿਨੀਕੋਏ ਵਿੱਚ ਡੀਜ਼ਲ ਦੀਆਂ ਕੀਮਤਾਂ 110.91 ਰੁਪਏ ਪ੍ਰਤੀ ਲੀਟਰ ਤੋਂ ਘਟ ਕੇ 95.71 ਰੁਪਏ ਪ੍ਰਤੀ ਲੀਟਰ ਅਤੇ ਐਂਡਰੋਟ ਅਤੇ ਕਲਪੇਨੀ ਵਿੱਚ 111.04 ਰੁਪਏ ਤੋਂ ਘੱਟ ਕੇ 95.71 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ। ਨਵੀਆਂ ਦਰਾਂ 16 ਮਾਰਚ ਤੋਂ ਲਾਗੂ ਹੋ ਗਈਆਂ ਹਨ। ਮੰਤਰਾਲੇ ਨੇ ਪੋਸਟ ਵਿੱਚ ਕਿਹਾ, ‘ਲਕਸ਼ਦੀਪ ਵਿੱਚ ਆਈਓਸੀ ਚਾਰ ਟਾਪੂਆਂ- ਕਾਵਰੱਤੀ, ਮਿਨੀਕੋਏ, ਐਂਡਰੋਟ ਅਤੇ ਕਲਪੇਨੀ ਨੂੰ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਕਰ ਰਿਹਾ ਹੈ। ਆਈਓਸੀ ਦੇ ਕਵਾਰੱਤੀ ਅਤੇ ਮਿਨੀਕੋਏ ਵਿੱਚ ਡਿਪੂ ਹਨ, ਅਤੇ ਇਹਨਾਂ ਡਿਪੂਆਂ ਨੂੰ ਉਤਪਾਦ ਕੋਚੀ, ਕੇਰਲ ਵਿੱਚ ਆਈਓਸੀ ਡਿਪੂ ਤੋਂ ਸਪਲਾਈ ਕੀਤੇ ਜਾਂਦੇ ਹਨ।