ਮੇਰਠ (ਸਾਹਿਬ)— ਮੇਰਠ ਦੇ ਕਾਸੇਰੂਖੇੜਾ ‘ਚ ਸ਼ਨੀਵਾਰ ਸਵੇਰੇ ਇਕ ਘਰ ‘ਚ ਦਾਖਲ ਹੋਏ ਚੀਤੇ ਨੂੰ ਕਰੀਬ 8 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਸ਼ਾਮ 6.30 ਵਜੇ ਕਾਬੂ ਕਰ ਲਿਆ ਗਿਆ। ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
- ਡਵੀਜ਼ਨਲ ਜੰਗਲਾਤ ਅਫ਼ਸਰ (ਡੀਐਫਓ) ਰਾਜੇਸ਼ ਕੁਮਾਰ ਨੇ ਦੱਸਿਆ ਕਿ ਜੰਗਲਾਤ ਵਿਭਾਗ ਨੂੰ ਅੱਜ ਸਵੇਰੇ ਕਰੀਬ 10 ਵਜੇ ਛਾਉਣੀ ਖੇਤਰ ਦੇ ਕਾਸੇਰੂਖੇੜਾ ਇਲਾਕੇ ਵਿੱਚ ਇੱਕ ਘਰ ਵਿੱਚ ਚੀਤੇ ਦੇ ਦਾਖ਼ਲ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਪੁਲਸ ਅਤੇ ਜੰਗਲਾਤ ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਡੀਐਫਓ ਅਨੁਸਾਰ ਘਟਨਾ ਵਾਲੀ ਥਾਂ ਸੰਘਣੀ ਆਬਾਦੀ ਵਾਲਾ ਇਲਾਕਾ ਹੈ, ਇਸ ਲਈ ਬਚਾਅ ਕਾਰਜ ਪੂਰੀ ਸਾਵਧਾਨੀ ਨਾਲ ਸ਼ੁਰੂ ਕੀਤੇ ਗਏ ਹਨ। ਸ਼ਾਮ ਕਰੀਬ 6.30 ਵਜੇ ਚੀਤੇ ਨੂੰ ਸ਼ਾਂਤ ਕਰਕੇ (ਬੇਹੋਸ਼ੀ ਦਾ ਟੀਕਾ ਲਗਾ ਕੇ) ਫੜਿਆ ਜਾ ਸਕਿਆ।
- ਉਸ ਨੇ ਦੱਸਿਆ ਕਿ ਘਰ ਵਿੱਚ ਵੜਿਆ ਚੀਤਾ ਨਰ ਹੈ ਅਤੇ ਉਸ ਦੀ ਉਮਰ ਸਾਢੇ ਤਿੰਨ ਤੋਂ ਚਾਰ ਸਾਲ ਦੇ ਵਿਚਕਾਰ ਹੈ। ਡੀਐਫਓ ਅਨੁਸਾਰ ਘਰ ਨੂੰ ਚਾਰੋਂ ਪਾਸਿਓਂ ਜਾਲਾਂ ਨਾਲ ਘਿਰਿਆ ਹੋਇਆ ਸੀ। ਘਰ ਵਿੱਚ ਫਸੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਬਚਾਉਣ ਲਈ ਕੰਧ ਤੋੜ ਦਿੱਤੀ ਗਈ ਸੀ, ਜਿਸ ਵਿੱਚ 8 ਅਤੇ 10 ਸਾਲ ਦੇ ਦੋ ਬੱਚੇ ਅਤੇ ਇੱਕ ਬਜ਼ੁਰਗ ਔਰਤ ਸ਼ਾਮਲ ਸਨ। ਪਰਿਵਾਰ ਦੇ ਹਰ ਮੈਂਬਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਣ ਤੋਂ ਬਾਅਦ ਡੀਐਫਓ ਨੇ ਚੀਤੇ ਨੂੰ ਸ਼ਾਂਤ ਕਰਨ ਦੇ ਨਿਰਦੇਸ਼ ਦਿੱਤੇ।