ਪੀਲੀਭੀਤ (ਰਾਘਵ) : ਬਰੇਲੀ ਜਾਣ ਵਾਲੀ ਰੇਲਵੇ ਲਾਈਨ ‘ਤੇ ਸਥਿਤ ਇਕ ਅੰਡਰਪਾਸ ਦੀ ਕੰਧ ਡਿੱਗ ਗਈ। ਇਸ ਕਾਰਨ ਰੇਲਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ। ਫਿਲਹਾਲ ਬਰੇਲੀ-ਪੀਲੀਭੀਤ ਵਿਚਾਲੇ ਟਰੇਨਾਂ ਦਾ ਸੰਚਾਲਨ ਰੋਕ ਦਿੱਤਾ ਗਿਆ ਹੈ। ਦੂਜੇ ਪਾਸੇ ਪੀਲੀਭੀਤ-ਸ਼ਾਹਜਹਾਂਪੁਰ ਰੂਟ ‘ਤੇ ਚੱਲਣ ਵਾਲੀਆਂ ਟਰੇਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਰੇਲਵੇ ਟੈਕਨੀਸ਼ੀਅਨ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੇ ਹਨ। ਦੇਵਾ ਨਦੀ ‘ਚ ਹੜ੍ਹ ਕਾਰਨ ਬਰੇਲੀ ਰੋਡ ‘ਤੇ ਪਹਿਲਾਂ ਹੀ ਕਈ ਫੁੱਟ ਪਾਣੀ ਖੜ੍ਹਾ ਹੈ। ਹੁਣ ਬਰੇਲੀ ਨੂੰ ਜਾਣ ਵਾਲੀ ਰੇਲਵੇ ਲਾਈਨ ‘ਤੇ ਜਹਾਨਾਬਾਦ ਕਰਾਸਿੰਗ ਨੇੜੇ ਇਕ ਅੰਡਰਪਾਸ ਦੀ ਕੰਧ ਹੜ੍ਹ ਦੇ ਪਾਣੀ ਕਾਰਨ ਢਹਿ ਗਈ ਹੈ। ਇਸ ਕਾਰਨ ਰੇਲਾਂ ਦਾ ਸੰਚਾਲਨ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੀਲੀਭੀਤ-ਸ਼ਾਹਜਹਾਂਪੁਰ ਰੇਲਵੇ ਸੈਕਸ਼ਨ ‘ਤੇ ਹੜ੍ਹ ਦੇ ਪਾਣੀ ਕਾਰਨ ਟਰੇਨਾਂ ਦਾ ਸੰਚਾਲਨ ਰੋਕ ਦਿੱਤਾ ਗਿਆ।
ਪੀਲੀਭੀਤ-ਟਨਕਪੁਰ ਵਿਚਕਾਰ ਰੇਲ ਸੇਵਾ ਪਹਿਲਾਂ ਹੀ ਬੰਦ ਹੈ। ਇਸ ਰੇਲਵੇ ਮਾਰਗ ’ਤੇ ਦੂਜੇ ਦਿਨ ਵੀ ਹੜ੍ਹ ਦਾ ਪਾਣੀ ਖੜ੍ਹਾ ਰਿਹਾ। ਉੱਤਰ ਪੂਰਬੀ ਰੇਲਵੇ ਇਜਾਤਨਗਰ ਡਿਵੀਜ਼ਨ ਦੇ ਲੋਕ ਸੰਪਰਕ ਅਧਿਕਾਰੀ ਰਾਜੇਂਦਰ ਸਿੰਘ ਅਨੁਸਾਰ ਬਰੇਲੀ ਰੇਲਵੇ ਸੈਕਸ਼ਨ ‘ਤੇ ਲੈਵਲ ਕਰਾਸਿੰਗ ਨੰਬਰ 204 ਦੀ ਕੰਧ ਡਿੱਗ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਰੇਲਵੇ ਟੈਕਨੀਸ਼ੀਅਨ ਮੌਕੇ ‘ਤੇ ਪਹੁੰਚ ਗਏ ਹਨ। ਜਾਂਚ ਤੋਂ ਬਾਅਦ ਟੈਕਨੀਸ਼ੀਅਨ ਦੀ ਰਿਪੋਰਟ ਦੇ ਆਧਾਰ ‘ਤੇ ਟਰੇਨਾਂ ਦੇ ਸੰਚਾਲਨ ਬਾਰੇ ਫੈਸਲਾ ਲਿਆ ਜਾਵੇਗਾ।