ਮੁੰਬਈ (ਰਾਘਵ) : ਮਨੋਰੰਜਨ ਜਗਤ ਤੋਂ ਇਸ ਸਮੇਂ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਦਾ 11 ਸਤੰਬਰ ਨੂੰ ਦਿਹਾਂਤ ਹੋ ਗਿਆ। ਅਨਿਲ ਨੇ ਖੁਦਕੁਸ਼ੀ ਕਰ ਕੇ ਆਪਣੀ ਜਾਨ ਗਵਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਬੁੱਧਵਾਰ ਸਵੇਰੇ ਕਰੀਬ 9 ਵਜੇ ਵਾਪਰੀ। ਮਾਮਲੇ ਦੀ ਸੂਚਨਾ ਮਿਲਦੇ ਹੀ ਮੁੰਬਈ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਪਣੇ ਪਿਤਾ ਦੀ ਮੌਤ ਕਾਰਨ ਅਦਾਕਾਰਾ ਮਲਾਇਕਾ ਅਰੋੜਾ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਦੁੱਖ ਦਾ ਪਹਾੜ ਡਿੱਗ ਗਿਆ ਹੈ।
ਇਸ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਉਸ ਦੇ ਘਰ ਦੇ ਬਾਹਰ ਘੇਰਾਬੰਦੀ ਕਰ ਦਿੱਤੀ। ਇਸ ਤੋਂ ਇਲਾਵਾ ਮਲਾਇਕਾ ਦੇ ਸਾਬਕਾ ਪਤੀ ਅਰਬਾਜ਼ ਖਾਨ ਵੀ ਉੱਥੇ ਪਹੁੰਚੇ ਹਨ। ਉਸ ਦੇ ਪਿਤਾ ਵੱਲੋਂ ਇਸ ਤਰ੍ਹਾਂ ਖੁਦਕੁਸ਼ੀ ਕਰਨਾ ਮਲਾਇਕਾ ਲਈ ਸਦਮੇ ਨਾਲ ਭਰਿਆ ਹੋਇਆ ਹੈ ਅਤੇ ਇਹ ਫਿਲਮ ਇੰਡਸਟਰੀ ਲਈ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਹੈ। ਦੱਸਣਯੋਗ ਹੈ ਕਿ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਦਾ ਜਨਮ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ‘ਚ ਹੋਇਆ ਸੀ। ਪੰਜਾਬੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਅਨਿਲ ਮਰਚੈਂਟ ਨੇਵੀ ਵਿੱਚ ਵੀ ਅਧਿਕਾਰੀ ਰਹਿ ਚੁੱਕੇ ਹਨ। ਉਸ ਦਾ ਵਿਆਹ ਜੋਇਸ ਪੋਲੀਕਾਰਪ ਨਾਲ ਹੋਇਆ ਸੀ, ਜੋ ਮਲਿਆਲਮ ਈਸਾਈ ਧਰਮ ਨਾਲ ਸਬੰਧਤ ਸੀ, ਜਿਸ ਤੋਂ ਉਸ ਦੀਆਂ ਦੋ ਧੀਆਂ ਮਲਾਇਕਾ ਅਰੋੜਾ ਅਤੇ ਅੰਮ੍ਰਿਤਾ ਅਰੋੜਾ ਸਨ। ਇਸ ਸਮੇਂ ਅਰੋੜਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ।