ਪੱਛਮੀ ਬੰਗਾਲ ਦੇ ਡੋਮੋਹਾਨੀ ‘ਚ ਵੀਰਵਾਰ ਨੂੰ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਮਣੇ ਆਇਆ ਹੈ| ਪਟਨਾ-ਗੁਹਾਟੀ ਜਾ ਰਹੀ ਬੀਕਾਨੇਰ ਐਕਸਪ੍ਰੈੱਸ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ। ਮੁੱਢਲੀ ਜਾਣਕਾਰੀ ਅਨੁਸਾਰ ਰੇਲਗੱਡੀ ਦੇ 12 ਡੱਬੇ ਪਟੜੀ ਤੋਂ ਉਤਰ ਗਏ ਅਤੇ ਪਟੜੀ ਦੇ ਨੇੜੇ ਪਲਟ ਗਏ। ਇਸ ਘਟਨਾ ‘ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਕਈ ਯਾਤਰੀ ਜ਼ਖਮੀ ਹੋ ਗਏ ਹਨ। ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।
ਇਸ ਦੁਰਘਟਨਾ ਤੋਂ ਬਾਅਦ ਇਕ ਯਾਤਰੀ ਨੇ ਦੱਸਿਆ ਹੈ ਕਿ ਟਰੇਨ ‘ਚ ਅਚਾਨਕ ਝਟਕਾ ਲੱਗਾ, ਜਿਸ ਤੋਂ ਬਾਅਦ ਡੱਬੇ ਪਲਟ ਗਏ। ਯਾਤਰੀ ਨੇ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਵੀ ਪ੍ਰਗਟਾਇਆ ਹੈ। ਰੇਲਵੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸ਼ਾਮ ਕਰੀਬ 5 ਵਜੇ 15633 ਟਰੇਨ ਪਟੜੀ ਤੋਂ ਉਤਰ ਗਈ। 12 ਡੱਬੇ ਪਟੜੀ ਤੋਂ ਉਤਰ ਗਏ ਹਨ। ਡੀਆਰਐਮ ਅਤੇ ਏਡੀਆਰਐਮ ਮੌਕੇ ਲਈ ਰਵਾਨਾ ਹੋ ਗਏ ਹਨ।
ਮੈਡੀਕਲ ਵੈਨਾਂ ਵੀ ਭੇਜੀਆਂ ਗਈਆਂ ਹਨ, ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ‘ਚ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਝਟਕੇ ਤੋਂ ਬਾਅਦ ਟਰੇਨ ਦੀਆਂ ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਕ ਯਾਤਰੀ ਨੇ ਦੱਸਿਆ, “ਅਚਾਨਕ ਝਟਕਾ ਲੱਗਾ ਅਤੇ ਟਰੇਨ ਦੀ ਬੋਗੀ ਪਲਟ ਗਈ। ਟਰੇਨ ਦੇ 2-4 ਡੱਬੇ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ।”
ਰੇਲ ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਜਾਣਕਾਰੀ ਲਈ। ਪੀਐਮ ਮੋਦੀ ਕੋਵਿਡ 19 ਦੀ ਸਥਿਤੀ ਨੂੰ ਲੈ ਕੇ ਮੀਟਿੰਗ ਕਰ ਰਹੇ ਸਨ। ਇਸ ਦੌਰਾਨ ਹਾਦਸੇ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੀਟਿੰਗ ਵਿੱਚ ਸੀਐਮ ਮਮਤਾ ਬੈਨਰਜੀ ਵੀ ਮੌਜੂਦ ਸੀ।