ਮੁੰਬਈ (ਸਾਹਿਬ) : ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਡੋਂਬੀਵਾਲੀ ‘ਚ ਵੀਰਵਾਰ ਨੂੰ ਇਕ ਕੈਮੀਕਲ ਫੈਕਟਰੀ ‘ਚ ਬਾਇਲਰ ਫਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਬੁਆਇਲਰ ਫਟਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ, ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 48 ਕਰਮਚਾਰੀ ਜ਼ਖਮੀ ਹੋ ਗਏ। ਅੱਗ ਬੁਝਾਉਣ ਲਈ ਦਰਜਨਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਮੌਜੂਦ ਹਨ।
- ਮੌਕੇ ‘ਤੇ ਮੌਜੂਦ ਇੱਕ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਡੋਂਬੀਵਾਲੀ ਐਮਆਈਡੀਸੀ ਖੇਤਰ ਦੇ ਫੇਜ਼-2 ਸਥਿਤ ਅੰਬਰ ਕੈਮੀਕਲ ਕੰਪਨੀ ਵਿੱਚ ਹੋਇਆ। ਇਕ ਚਸ਼ਮਦੀਦ ਨੇ ਦੱਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਦੀ ਆਵਾਜ਼ ਇਕ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਉਨ੍ਹਾਂ ਦੱਸਿਆ ਕਿ ਆਸ-ਪਾਸ ਦੀਆਂ ਇਮਾਰਤਾਂ ਦੇ ਸ਼ੀਸ਼ਿਆਂ ਵਿੱਚ ਤਰੇੜਾਂ ਆ ਗਈਆਂ ਹਨ। ਇਸ ਦੇ ਨਾਲ ਹੀ ਧਮਾਕੇ ਕਾਰਨ ਆਸ-ਪਾਸ ਦੇ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ।
- ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਮਜ਼ਦੂਰਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਠਾਣੇ ਨਗਰ ਨਿਗਮ ਦੇ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਯਾਸੀਨ ਤਡਵੀ ਨੇ ਦੱਸਿਆ ਕਿ ਧਮਾਕਾ ਦੁਪਹਿਰ ਕਰੀਬ 1.40 ਵਜੇ ਹੋਇਆ। ਉਨ੍ਹਾਂ ਦੱਸਿਆ ਕਿ ਧਮਾਕੇ ਕਾਰਨ ਲੱਗੀ ਅੱਗ ਨੇੜੇ ਦੀਆਂ ਤਿੰਨ ਹੋਰ ਫੈਕਟਰੀਆਂ ਵਿੱਚ ਫੈਲ ਗਈ, ਜਿਸ ਕਾਰਨ ਧੂੰਏਂ ਦੇ ਗੁਬਾਰ ਅਤੇ ਅੱਗ ਕਾਫੀ ਦੂਰ ਤੱਕ ਦਿਖਾਈ ਦਿੱਤੀ।