ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਸ਼ੂਆਂ ਵਿੱਚ ਫੈਲਣ ਵਾਲੀ ‘ਲੰਪੀ-ਸਕਿਨ’ ਬਿਮਾਰੀ ਸਬੰਧੀ ਅੱਜ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਕਰਕੇ ਵੱਡਾ ਫੈਸਲਾ ਲਿਆ ਹੈ। ਸੀਐਮ ਮਾਨ ਨੇ ਪਸ਼ੂਆਂ ਨੂੰ ਹੋਣ ਵਾਲੀ ਇਸ ਬਿਮਾਰੀ ਬਾਰੇ ਐਡਵਾਈਜ਼ਰੀ ਜਾਰੀ ਕੀਤੀ ਹੈ। ਸੀਐਮ ਮਾਨ ਨੇ ਪੰਜਾਬ ਦੀਆਂ ਸਰਹੱਦਾਂ ‘ਤੇ ਦੂਜੇ ਰਾਜਾਂ ਦੇ ਪਸ਼ੂਆਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਗਲੇ ਹੁਕਮਾਂ ਤੱਕ ਪਸ਼ੂ ਮੇਲਿਆਂ ‘ਤੇ ਪਾਬੰਦੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਸ਼ੂਆਂ ਨੂੰ ਝੁੰਡਾਂ ਵਿੱਚ ਨਾ ਰੱਖਣ, ਜਿਸ ਥਾਂ ‘ਤੇ ਪਸ਼ੂਆਂ ਨੂੰ ਬੰਨ੍ਹਿਆ ਜਾਵੇ, ਉਸ ਥਾਂ ਨੂੰ ਸਾਫ਼ ਰੱਖਿਆ ਜਾਵੇ।
ਇਸ ਦੇ ਨਾਲ ਹੀ ਸੀ.ਐਮ ਮਾਨ ਜ਼ਿਲ੍ਹੇ ਦੇ ਡੀਸੀ ਨੂੰ ਪਿੰਡ-ਪਿੰਡ ਜਾ ਕੇ ਇਸ ਦੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੀ ਰੋਕਥਾਮ ਲਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਫੋਗਿੰਗ ਕਰਵਾਈ ਜਾਵੇਗੀ। ਇਹ ਦਵਾਈ ਗੁਜਰਾਤ ਤੋਂ ਮੰਗਵਾਈ ਗਈ ਸੀ। ਲੋੜ ਅਨੁਸਾਰ ਹੋਰ ਆਰਡਰ ਕੀਤੇ ਜਾ ਰਹੇ ਹਨ। ਸੀਐਮ ਮਾਨ ਦੀ ਇਸ ਮੀਟਿੰਗ ਵਿੱਚ 3 ਕੈਬਨਿਟ ਮੰਤਰੀ ਹਰਪਾਲ ਚੀਮਾ, ਕੁਲਦੀਪ ਧਾਲੀਵਾਲ ਅਤੇ ਲਾਲਜੀਤ ਸਿੰਘ ਭੁੱਲਰ ਹਾਜ਼ਰ ਸਨ।