ਹੁਸ਼ਿਆਰਪੁਰ (ਸਾਹਿਬ)- ਬਹੁਜਨ ਸਮਾਜ ਪਾਰਟੀ (ਬਸਪਾ) ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਪਹਿਲੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਬਸਪਾ ਨੇ ਹੁਸ਼ਿਆਰਪੁਰ ਤੋਂ ਰਾਕੇਸ਼ ਸੁੰਮਨ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਕਾਬਿਲੇਗੌਰ ਹੈ ਕਿ ਬਸਪਾ ਦੇ ਆਗੂਆਂ ਨੇ ਪੰਜਾਬ ਵਿੱਚ ਬਾਕੀ ਸੀਟਾਂ ਉਪਰ ਜਲਦ ਉਮੀਦਵਾਰ ਐਲਾਨਣ ਦਾ ਦਾਅਵਾ ਕੀਤਾ ਹੈ।
- ਬਹੁਜਨ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਹੁਕਮ ਮੁਤਾਬਕ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਬਸਪਾ ਦੇ ਲੋਕ ਸਭਾ ਹੁਸ਼ਿਆਰਪੁਰ (ਰਾਖਵਾਂ) ਤੋਂ ਉਮੀਦਵਾਰ ਰਾਕੇਸ਼ ਸੁਮਨ ਹੋਣਗੇ। ਬੈਣੀਵਾਲ ਨੇ ਅੱਗੇ ਕਿਹਾ ਕਿ ਜਲਦ ਹੀ ਪੰਜਾਬ ਦੀਆਂ ਬਾਕੀ ਸਾਰੀਆਂ ਸੀਟਾਂ ਉਤੇ ਉਮੀਦਵਾਰ ਐਲਾਨ ਦਿੱਤੇ ਜਾਣਗੇ। ਸਾਰੇ ਉਮੀਦਵਾਰਾਂ ਦੇ ਪੈਨਲ ਉਤੇ ਅੰਤਿਮ ਫੈਸਲਾ ਭੈਣ ਕੁਮਾਰੀ ਮਾਇਆਵਤੀ ਵੱਲੋਂ ਲਿਆ ਜਾ ਰਿਹਾ ਹੈ। ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਕਿਹਾ ਸਿਆਸੀ ਪਿਛੋਕੜ ਨਾਲ ਸਬੰਧਤ ਰਾਕੇਸ਼ ਸੁਮਨ ਦੇ ਦਾਦਾ ਜੀ ਦੇ ਭਰਾ ਮਰਹੂਮ ਸ਼੍ਰੀ ਕਰਮ ਚੰਦ ਵਿਧਾਨ ਸਭਾ ਹੁਸ਼ਿਆਰਪੁਰ ਤੋਂ ਉਪ ਚੋਣ ਤਹਿਤ ਸੰਨ 1957 ਵਿੱਚ ਕਾਂਗਰਸ ਨੂੰ 13000 ਵੋਟਾਂ ਨਾਲ ਹਰਾ ਕੇ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦੀ ਪਾਰਟੀ ਸ਼ਡਿਊਲਡ ਕਾਸਟ ਫੈਡਰੇਸ਼ਨ ਪਾਰਟੀ ਤੋਂ ਵਿਧਾਇਕ ਜਿੱਤੇ ਸਨ।
- ਉਨ੍ਹਾਂ ਦੇ ਪਿਤਾ ਫ਼ੌਜ ਵਿੱਚ ਮਿਲਟਰੀ ਇੰਜੀਨੀਅਰ ਸਰਵਿਸ ਵਿਚ ਸੇਵਾ ਕੀਤੀ ਹੈ। ਉਹ ਖੁਦ ਆਪ ਇਲਾਕੇ ਦੇ ਨਾਮਵਰ ਸਮਾਜਸੇਵੀ ਹਨ ਜੋਕਿ ਰੌਕੀ ਨਿਕਨੇਮ ਦੇ ਨਾਮ ਮਸ਼ਹੂਰ ਨੌਜਵਾਨ ਆਗੂ ਹਨ। ਗੜ੍ਹੀ ਨੇ ਅੱਗੇ ਕਿਹਾ ਕਿ ਲੋਕ ਸਭਾ ਹੁਸ਼ਿਆਰਪੁਰ ਵਿੱਚ ਬਸਪਾ ਦੇ ਸੰਗਠਨ ਦੀ ਲਾਮਬੰਦੀ ਸਬੰਧੀ ਜ਼ਰੂਰੀ ਦਿਸ਼ਾ ਨਿਰਦੇਸ਼ 3 ਅਪ੍ਰੈਲ ਨੂੰ ਮੀਟਿੰਗ ਕਰ ਕੇ ਬਸਪਾ ਦੀ ਲੀਡਰਸ਼ਿਪ ਨੂੰ ਦਿੱਤੇ ਜਾਣਗੇ।