ਪਟਨਾ (ਹਰਮੀਤ): ਬਿਹਾਰ ਦੇ ਔਰੰਗਾਬਾਦ ਜ਼ਿਲੇ ‘ਚ ਜਾਦੂ-ਟੂਣਾ ਕਰਨ ਦੇ ਸ਼ੱਕ ‘ਚ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਦੋ ਔਰਤਾਂ ਸਮੇਤ 16 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਹਰੇਕ ‘ਤੇ 25,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਰਿਪੋਰਟਾਂ ਮੁਤਾਬਕ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ-2 (ਔਰੰਗਾਬਾਦ) ਧਨੰਜੈ ਮਿਸ਼ਰਾ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ 16 ਲੋਕਾਂ ਨੂੰ ਸਜ਼ਾ ਸੁਣਾਈ। ਦੱਸ ਦੇਈਏ ਕਿ 13 ਅਗਸਤ 2020 ਨੂੰ ਪਿੰਡ ਇਬਰਾਹਿਮਪੁਰ ਦੇ ਰਹਿਣ ਵਾਲੇ 65 ਸਾਲਾ ਜਗਦੀਸ਼ ਰਾਮ ਦਾ ਕਤਲ ਕਰ ਦਿੱਤਾ ਗਿਆ ਸੀ।
ਜਗਦੀਸ਼ ਦਾ ਕਤਲ ਕਰਨ ਵਾਲੇ ਸਾਰੇ 16 ਲੋਕ ਇਬਰਾਹਿਮਪੁਰ ਪਿੰਡ ਦੇ ਰਹਿਣ ਵਾਲੇ ਹਨ। ਵਧੀਕ ਸਰਕਾਰੀ ਵਕੀਲ (ਏ.ਪੀ.ਪੀ.) ਰਾਜਾਰਾਮ ਚੌਧਰੀ ਨੇ ਦੱਸਿਆ ਕਿ 13 ਅਗਸਤ, 2020 ਨੂੰ ਜਗਦੀਸ਼ ਰਾਮ ਦਾ ਇਸ ਸ਼ੱਕ ਵਿੱਚ ਕਤਲ ਕਰ ਦਿੱਤਾ ਗਿਆ ਸੀ ਕਿ ਉਹ ਜਾਦੂ-ਟੂਣਾ ਕਰਦਾ ਸੀ।