Kedarnath Yatra: ਕੇਦਾਰਨਾਥ ਧਾਮ ਮੰਦਰ ਵਿੱਚ ਸ਼ਰਧਾਲੂਆਂ ਲਈ ਦਰਸ਼ਨ ਦੀ ਮਿਆਦ ਕਰੀਬ 5 ਘੰਟੇ ਵਧਾ ਦਿੱਤੀ ਗਈ ਹੈ। ਹੁਣ ਸ਼ਰਧਾਲੂ ਰਾਤ 10:30 ਵਜੇ ਤੱਕ ਬਾਬਾ ਕੇਦਾਰ ਦੇ ਦਰਸ਼ਨ ਕਰ ਸਕਣਗੇ। ਜਾਣਕਾਰੀ ਮੁਤਾਬਕ ਮੰਦਰ ‘ਚ ਦਰਸ਼ਨਾਂ ਦੀ ਮਿਆਦ ਪਹਿਲੀ ਸ਼ਿਫਟ ‘ਚ ਦੋ ਘੰਟੇ ਅਤੇ ਦੂਜੀ ਸ਼ਿਫਟ ‘ਚ ਤਿੰਨ ਘੰਟੇ ਵਧਾ ਦਿੱਤੀ ਗਈ ਹੈ।
ਦੁਪਹਿਰ ਨੂੰ ਸਿਰਫ ਇੱਕ ਘੰਟੇ ਲਈ ਦਰਵਾਜ਼ੇ ਰਹਿਣਗੇ ਬੰਦ
ਜ਼ਿਕਰਯੋਗ ਹੈ ਕਿ ਪਹਿਲਾਂ ਬਾਬਾ ਕੇਦਾਰ ਦੇ ਸਵੇਰੇ 6.00 ਤੋਂ 3.00 ਵਜੇ ਤੱਕ ਅਤੇ ਫਿਰ ਸ਼ਾਮ 5.00 ਤੋਂ 8.30 ਵਜੇ ਤੱਕ ਦਰਸ਼ਨ ਕੀਤੇ ਜਾ ਸਕਦੇ ਸਨ। ਪਰ ਹੁਣ ਸ਼ਰਧਾਲੂਆਂ ਦੀ ਆਮਦ ਨੂੰ ਦੇਖਦੇ ਹੋਏ ਦਰਸ਼ਨਾਂ ਦੀ ਮਿਆਦ ਵਧਾ ਦਿੱਤੀ ਗਈ ਹੈ। ਦੁਪਹਿਰ 3.00 ਤੋਂ 4.00 ਵਜੇ ਤੱਕ ਸਿਰਫ ਸਫਾਈ, ਸ਼ਿੰਗਾਰ ਅਤੇ ਭੋਗ ਲਗਾਓਣ ਲਈ ਦਰਵਾਜ਼ੇ ਇੱਕ ਘੰਟੇ ਲਈ ਬੰਦ ਰੱਖੇ ਜਾਣਗੇ। ਪਹਿਲਾਂ ਇਹ ਦਰਵਾਜ਼ੇ 2 ਘੰਟੇ ਲਈ ਬੰਦ ਰਹਿੰਦੇ ਸਨ।
ਸ਼ਰਧਾਲੂਆਂ ਦੀ ਗਿਣਤੀ ਬਣ ਰਹੀ ਚੁਣੌਤੀ
ਦਰਅਸਲ, ਚਾਰਧਾਮ ਯਾਤਰਾ ‘ਚ ਸ਼ਰਧਾਲੂਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਮੌਜੂਦਾ ਸਮੇਂ ਵਿੱਚ ਇਹ ਸਿਹਤ ਵਿਭਾਗ ਲਈ ਵੀ ਸਭ ਤੋਂ ਵੱਡੀ ਚੁਣੌਤੀ ਬਣ ਰਿਹਾ ਹੈ। ਖੁਦ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਡਾ: ਸ਼ੈਲਜਾ ਭੱਟ ਵੀ ਇਸ ਗੱਲ ਨੂੰ ਸਵੀਕਾਰ ਕਰ ਰਹੇ ਹਨ। ਸ਼ਰਧਾਲੂਆਂ ਦੀ ਵੱਧ ਰਹੀ ਗਿਣਤੀ ਸਰਕਾਰ ਦੇ ਨਾਲ-ਨਾਲ ਸਿਹਤ ਵਿਭਾਗ ਦਾ ਕੰਮ ਵੀ ਵਧਾ ਰਹੀ ਹੈ। ਉਧਰ, ਡਾਇਰੈਕਟਰ ਜਨਰਲ ਆਫ਼ ਹੈਲਥ ਨੇ ਕਿਹਾ ਕਿ ਵਿਭਾਗ ਦੇ ਨਾਲ-ਨਾਲ ਹੋਰ ਵਿਭਾਗ ਵੀ ਚਾਰਧਾਮ ਯਾਤਰਾ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਸ਼ਰਧਾਲੂਆਂ ਲਈ ਸੁਵਿਧਾਜਨਕ ਬਣਾਉਣ ਲਈ ਕੰਮ ਕਰ ਰਹੇ ਹਨ। ਇਸ ਗੱਲ ਦਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਯਾਤਰਾ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਹਾਲਾਂਕਿ ਅਚਾਨਕ ਭੀੜ ਵਧਣ ਕਾਰਨ ਸਮੱਸਿਆ ਵੀ ਵਧ ਰਹੀ ਹੈ, ਇਸ ਲਈ ਲੋਕਾਂ ਨੂੰ ਆਪਣਾ ਧਿਆਨ ਰੱਖਣਾ ਪੈ ਰਿਹਾ ਹੈ।