ਨਵੀਂ ਦਿੱਲੀ (ਨੇਹਾ): ਭਾਰਤੀ ਰੇਲਵੇ ਨੇ ਆਪਣੇ ਕਰੋੜਾਂ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਰੇਲਵੇ ਨੇ ਟਿਕਟ ਬੁਕਿੰਗ ਦੇ ਨਿਯਮਾਂ ‘ਚ ਬਦਲਾਅ ਕੀਤਾ ਹੈ। ਨਵੇਂ ਨਿਯਮ ਦੇ ਮੁਤਾਬਕ ਹੁਣ ਯਾਤਰੀ ਯਾਤਰਾ ਦੀ ਤਰੀਕ ਤੋਂ ਸਿਰਫ 60 ਦਿਨ ਪਹਿਲਾਂ IRCTC ਤੋਂ ਟਿਕਟ ਬੁੱਕ ਕਰ ਸਕਣਗੇ। ਪਹਿਲਾਂ ਇਹ ਸੀਮਾ 120 ਦਿਨਾਂ ਦੀ ਸੀ ਪਰ ਇਸ ਨੂੰ ਘਟਾ ਦਿੱਤਾ ਗਿਆ ਹੈ।
ਯਾਤਰੀਆਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਐਡਵਾਂਸ ਟਿਕਟ ਬੁਕਿੰਗ ਦੀ ਸਮਾਂ ਸੀਮਾ ਘੱਟ ਕੀਤੀ ਜਾਵੇ, ਜਿਸ ‘ਤੇ ਹੁਣ ਰੇਲਵੇ ਨੇ ਇਹ ਫੈਸਲਾ ਲਿਆ ਹੈ। ਰੇਲਵੇ ਦੇ ਇਹ ਨਵੇਂ ਨਿਯਮ 1 ਨਵੰਬਰ 2024 ਤੋਂ ਲਾਗੂ ਹੋਣਗੇ। ਜਿਹੜੀਆਂ ਟਿਕਟਾਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਹਨ, ਉਨ੍ਹਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਯਾਤਰੀਆਂ ਨੇ ਦੱਸਿਆ ਕਿ ਬੁਕਿੰਗ ਸ਼ੁਰੂ ਹੁੰਦੇ ਹੀ ਏਜੰਟ ਅਗਾਊਂ ਹੀ ਟਿਕਟਾਂ ਬੁੱਕ ਕਰਵਾ ਲੈਂਦੇ ਹਨ, ਜਿਸ ਕਾਰਨ ਅਸਲ ਯਾਤਰੀਆਂ ਨੂੰ ਟਿਕਟਾਂ ਲੈਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।