ਹੈਮਿਲਟਨ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਜਾ ਰਹੀ ਤਿੰਨ ਵਨਡੇ ਸੀਰੀਜ਼ ਦਾ ਦੂਜਾ ਮੈਚ ਐਤਵਾਰ ਨੂੰ ਮੀਂਹ ਦੀ ਭੇਟ ਚੜ੍ਹ ਗਿਆ। ਸੇਡਨ ਪਾਰਕ ‘ਚ ਖੇਡੇ ਗਏ ਮੀਂਹ ਨਾਲ ਪ੍ਰਭਾਵਿਤ ਮੈਚ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 12.5 ਓਵਰਾਂ ‘ਚ ਇਕ ਵਿਕਟ ਦੇ ਨੁਕਸਾਨ ‘ਤੇ 89 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਮੀਂਹ ਨੇ ਦਸਤਕ ਦੇ ਦਿੱਤੀ। ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਮੀਂਹ ਨਾ ਰੁਕਣ ਕਾਰਨ ਅੰਪਾਇਰਾਂ ਨੇ ਦੋਵਾਂ ਕਪਤਾਨਾਂ ਨਾਲ ਗੱਲ ਕੀਤੀ ਅਤੇ ਮੈਚ ਰੱਦ ਕਰਨ ਦਾ ਫੈਸਲਾ ਕੀਤਾ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਭਾਰਤ ਨੇ 4.5 ਓਵਰਾਂ ਵਿੱਚ 22 ਦੌੜਾਂ ਬਣਾਉਣ ਤੋਂ ਬਾਅਦ ਸੇਡਨ ਪਾਰਕ ਵਿੱਚ ਮੀਂਹ ਸ਼ੁਰੂ ਹੋ ਗਿਆ ਅਤੇ ਖਿਡਾਰੀਆਂ ਨੂੰ ਮੈਦਾਨ ਛੱਡਣਾ ਪਿਆ। ਜਦੋਂ ਮੈਚ ਦੁਬਾਰਾ ਸ਼ੁਰੂ ਹੋਇਆ ਤਾਂ ਓਵਰਾਂ ਦੀ ਗਿਣਤੀ 29 ਕਰ ਦਿੱਤੀ ਗਈ। ਖੇਡ ਮੁੜ ਸ਼ੁਰੂ ਹੁੰਦੇ ਹੀ ਕਪਤਾਨ ਸ਼ਿਖਰ ਧਵਨ ਤਿੰਨ ਦੌੜਾਂ ਬਣਾ ਕੇ ਆਊਟ ਹੋ ਗਿਆ, ਜਦਕਿ ਸ਼ੁਭਮਨ ਗਿੱਲ ਨੇ ਪਾਰੀ ਦੀ ਰਫ਼ਤਾਰ ਵਧਾ ਦਿੱਤੀ। ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਸੂਰਿਆਕੁਮਾਰ ਯਾਦਵ ਨੇ ਉਸ ਦਾ ਸਾਥ ਦਿੱਤਾ ਅਤੇ ਦੋਵਾਂ ਨੇ 46 ਗੇਂਦਾਂ ‘ਤੇ 66 ਦੌੜਾਂ ਦੀ ਸਾਂਝੇਦਾਰੀ ਕੀਤੀ।
ਗਿੱਲ ਨੇ 42 ਗੇਂਦਾਂ ਵਿੱਚ ਚਾਰ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 45 ਦੌੜਾਂ ਬਣਾਈਆਂ, ਜਦਕਿ ਸੂਰਿਆਕੁਮਾਰ ਨੇ 25 ਗੇਂਦਾਂ ਵਿੱਚ ਦੋ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 34 ਦੌੜਾਂ ਬਣਾਈਆਂ। 13ਵਾਂ ਓਵਰ ਪੂਰਾ ਹੋਣ ਤੋਂ ਪਹਿਲਾਂ ਬਾਰਿਸ਼ ਫਿਰ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਮੈਚ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਭਾਰਤ ਅਤੇ ਨਿਊਜ਼ੀਲੈਂਡ ਹੁਣ ਤਿੰਨ ਮੈਚਾਂ ਦੀ ਸੀਰੀਜ਼ ਦੇ ਆਖਰੀ ਮੈਚ ਲਈ ਬੁੱਧਵਾਰ ਨੂੰ ਕ੍ਰਾਈਸਟਚਰਚ ਦੇ ਹੇਗਲੇ ਓਵਲ ‘ਚ ਆਹਮੋ-ਸਾਹਮਣੇ ਹੋਣਗੇ। ਨਿਊਜ਼ੀਲੈਂਡ ਨੇ ਸੀਰੀਜ਼ ‘ਚ 1-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ, ਜਦਕਿ ਭਾਰਤ ਨੂੰ ਕਲੀਨ ਸਵੀਪ ਤੋਂ ਬਚਣ ਲਈ ਤੀਜਾ ਮੈਚ ਜਿੱਤਣਾ ਹੋਵੇਗਾ।