ਟੀ-20 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਵੀਰਵਾਰ ਨੂੰ ਐਡੀਲੇਡ ‘ਚ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਨੇ 20 ਓਵਰਾਂ ‘ਚ ਛੇ ਵਿਕਟਾਂ ‘ਤੇ 168 ਦੌੜਾਂ ਬਣਾਈਆਂ। ਜਵਾਬ ‘ਚ ਇੰਗਲੈਂਡ ਦੀ ਟੀਮ ਨੇ 16 ਓਵਰਾਂ ‘ਚ ਬਿਨਾਂ ਕੋਈ ਵਿਕਟ ਗੁਆਏ 170 ਦੌੜਾਂ ਬਣਾਈਆਂ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਖਿਲਾਫ 20 ਓਵਰਾਂ ‘ਚ 6 ਵਿਕਟਾਂ ‘ਤੇ 168 ਦੌੜਾਂ ਬਣਾਈਆਂ। ਇੰਗਲਿਸ਼ ਟੀਮ ਨੂੰ 169 ਦੌੜਾਂ ਦਾ ਚੁਣੌਤੀਪੂਰਨ ਟੀਚਾ ਮਿਲਿਆ। ਟੀਮ ਇੰਡੀਆ ਵੱਲੋਂ ਹਾਰਦਿਕ ਪੰਡਯਾ ਨੇ ਸਭ ਤੋਂ ਵੱਧ 63 ਦੌੜਾਂ ਬਣਾਈਆਂ। ਉਸ ਨੇ 33 ਗੇਂਦਾਂ ਦੀ ਆਪਣੀ ਪਾਰੀ ਵਿੱਚ ਚਾਰ ਚੌਕੇ ਤੇ ਪੰਜ ਛੱਕੇ ਲਾਏ। ਹਾਰਦਿਕ ਆਖਰੀ ਗੇਂਦ ‘ਤੇ ਹਿੱਟ ਵਿਕਟ ‘ਤੇ ਆਊਟ ਹੋ ਗਏ। ਉਸ ਤੋਂ ਇਲਾਵਾ ਵਿਰਾਟ ਕੋਹਲੀ ਨੇ 40 ਗੇਂਦਾਂ ‘ਚ 50 ਦੌੜਾਂ ਦੀ ਪਾਰੀ ਖੇਡੀ। ਭਾਰਤ ਨੇ ਆਖਰੀ ਪੰਜ ਓਵਰਾਂ ਵਿੱਚ 68 ਦੌੜਾਂ ਬਣਾਈਆਂ।
ਹਾਰਦਿਕ ਅਤੇ ਕੋਹਲੀ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਭਾਰਤ ਲਈ ਵੱਡੀ ਪਾਰੀ ਨਹੀਂ ਖੇਡ ਸਕਿਆ। ਕਪਤਾਨ ਰੋਹਿਤ ਸ਼ਰਮਾ ਚੰਗੀ ਸ਼ੁਰੂਆਤ ਤੋਂ ਬਾਅਦ 27 ਦੌੜਾਂ ਬਣਾ ਕੇ ਆਊਟ ਹੋ ਗਏ। ਸੂਰਿਆਕੁਮਾਰ ਯਾਦਵ ਨੇ 14 ਦੌੜਾਂ ਬਣਾਈਆਂ। ਰਿਸ਼ਭ ਪੰਤ ਛੇ ਅਤੇ ਕੇਐਲ ਰਾਹੁਲ ਪੰਜ ਦੌੜਾਂ ਬਣਾ ਕੇ ਆਊਟ ਹੋਏ। ਰਵੀਚੰਦਰਨ ਅਸ਼ਵਿਨ ਇਕ ਵੀ ਗੇਂਦ ਖੇਡੇ ਬਿਨਾਂ ਜ਼ੀਰੋ ‘ਤੇ ਨਾਬਾਦ ਰਹੇ। ਇੰਗਲੈਂਡ ਲਈ ਕ੍ਰਿਸ ਜੌਰਡਨ ਨੇ ਚਾਰ ਓਵਰਾਂ ਵਿੱਚ 43 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਕ੍ਰਿਸ ਵੋਕਸ ਅਤੇ ਆਦਿਲ ਰਾਸ਼ਿਦ ਨੇ ਇਕ-ਇਕ ਸਫਲਤਾ ਹਾਸਲ ਕੀਤੀ।
ਰੋਹਿਤ ਸ਼ਰਮਾ ਨੇ ਕਿਹਾ, ”ਅੱਜ ਦਾ ਦਿਨ ਬਹੁਤ ਨਿਰਾਸ਼ਾਜਨਕ ਰਿਹਾ। ਅਸੀਂ ਆਖਰੀ ਓਵਰਾਂ ਵਿੱਚ ਚੰਗੀ ਬੱਲੇਬਾਜ਼ੀ ਕੀਤੀ। ਅਸੀਂ ਬਿਹਤਰ ਗੇਂਦਬਾਜ਼ੀ ਨਹੀਂ ਕਰ ਸਕੇ। ਇਹ ਸਿਰਫ਼ ਨਾਕਆਊਟ ਮੈਚਾਂ ਵਿੱਚ ਦਬਾਅ ਝੱਲਣ ਦਾ ਮਾਮਲਾ ਸੀ। ਇਸ ਸਥਿਤੀ ਨੂੰ ਸਮਝਣ ਲਈ ਸਾਰੇ ਖਿਡਾਰੀਆਂ ਨੇ ਕਾਫੀ ਕ੍ਰਿਕਟ ਖੇਡੀ ਹੈ। ਆਈਪੀਐਲ ਦੌਰਾਨ ਕਈ ਖਿਡਾਰੀਆਂ ਨੇ ਦਬਾਅ ਵਾਲੇ ਮੈਚ ਖੇਡੇ ਹਨ। ਗੇਂਦਬਾਜ਼ੀ ਕਰਦੇ ਸਮੇਂ ਅਸੀਂ ਦਬਾਅ ‘ਚ ਨਜ਼ਰ ਆਏ। ਉਨ੍ਹਾਂ ਦੇ ਸਲਾਮੀ ਬੱਲੇਬਾਜ਼ਾਂ (ਜੋਸ ਬਟਲਰ ਅਤੇ ਐਲੇਕਸ ਹੇਲਸ) ਨੂੰ ਕ੍ਰੈਡਿਟ ਦੇਣਾ ਹੋਵੇਗਾ। ਦੋਵਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਮੈਨੂੰ ਲੱਗਦਾ ਹੈ ਕਿ ਪਹਿਲੇ ਓਵਰ ਤੋਂ ਸਵਿੰਗ ਆ ਰਹੀ ਸੀ ਪਰ ਅਸੀਂ ਸਹੀ ਦਿਸ਼ਾ ‘ਚ ਗੇਂਦਬਾਜ਼ੀ ਨਹੀਂ ਕੀਤੀ। ਅਸੀਂ ਪਾਕਿਸਤਾਨ ਖਿਲਾਫ ਮੈਚ ‘ਚ ਦਬਾਅ ਨੂੰ ਦੂਰ ਕੀਤਾ। ਅਜਿਹਾ ਹੀ ਕੁਝ ਬੰਗਲਾਦੇਸ਼ ਖਿਲਾਫ ਵੀ ਹੋਇਆ ਸੀ ਪਰ ਅੱਜ ਅਸੀਂ ਅਜਿਹਾ ਨਹੀਂ ਕਰ ਸਕੇ।”
ਪਲੇਇੰਗ-ਇਲੈਵਨ ਦੋਵੇਂ ਟੀਮਾਂ
ਭਾਰਤ: ਕੇਐਲ ਰਾਹੁਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਰਿਸ਼ਭ ਪੰਤ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ
ਇੰਗਲੈਂਡ: ਜੋਸ ਬਟਲਰ, ਐਲੇਕਸ ਹੇਲਸ, ਫਿਲਿਪ ਸਾਲਟ, ਬੇਨ ਸਟੋਕਸ, ਹੈਰੀ ਬਰੁਕ, ਲਿਆਮ ਲਿਵਿੰਗਸਟੋਨ, ਮੋਇਨ ਅਲੀ, ਸੈਮ ਕੁਰਾਨ, ਕ੍ਰਿਸ ਜੌਰਡਨ, ਕ੍ਰਿਸ ਵੋਕਸ, ਆਦਿਲ ਰਾਸ਼ਿਦ