ਬਾਲੀਵੁੱਡ ਫਿਲਮਕਾਰ ਸੰਜੇ ਲੀਲਾ ਭੰਸਾਲੀ ਨੇ 12 ਸਾਲਾਂ ਤੋਂ ਪੈਂਡਿੰਗ ਪ੍ਰੋਜੈਕਟ ‘ਹੀਰਾ ਮੰਡੀ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਭੰਸਾਲੀ OTT ਪਲੇਟਫਾਰਮ Netflix ਲਈ ਫਿਲਮ ‘ਹੀਰਾ ਮੰਡੀ’ ਦਾ ਨਿਰਦੇਸ਼ਨ ਕਰ ਰਹੇ ਹਨ।… OTT ਲਈ ਭੰਸਾਲੀ ਦਾ ਇਹ ਪਹਿਲਾ ਪ੍ਰੋਜੈਕਟ ਹੈ। ਫਿਲਮ ਦਾ ਪਹਿਲਾ ਸੀਨ ਮਨੀਸ਼ਾ ਕੋਇਰਾਲਾ ਅਤੇ ਅਦਿਤੀ ਰਾਓ ਹੈਦਰੀ ‘ਤੇ ਫਿਲਮਾਇਆ ਗਿਆ ਹੈ। ਰਿਚਾ ਚੱਢਾ ਵੀ ਜਲਦ ਹੀ ਆਪਣੇ ਹਿੱਸੇ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੀ ਹੈ।
‘ਹੀਰਾ ਮੰਡੀ’ ਲਈ ਮੁੰਬਈ ‘ਚ ਦੋ ਵਿਸ਼ਾਲ ਅਤੇ ਸ਼ਾਨਦਾਰ ਸੈੱਟ ਬਣਾਏ ਗਏ ਹਨ। ਇਨ੍ਹਾਂ ‘ਚੋਂ ਇਕ ‘ਤੇ ਸੀਰੀਜ਼ ਦਾ ਪਹਿਲਾ ਸ਼ੈਡਿਊਲ ਸ਼ੁਰੂ ਹੋ ਗਿਆ ਹੈ। ਸ਼ੂਟਿੰਗ ਦੇ ਪਹਿਲੇ ਦਿਨ ਭੰਸਾਲੀ ਦੀ ਪਹਿਲੀ ਫਿਲਮ ‘ਖਾਮੋਸ਼ੀ ਦਿ ਮਿਊਜ਼ੀਕਲ’ ਦੀ ਹੀਰੋਇਨ ਮਨੀਸ਼ਾ ਕੋਇਰਾਲਾ ਨੇ ਡੈਬਿਊ ਕੀਤਾ। ਉਸ ਦੇ ਨਾਲ ਦਿਲਕਸ਼ ਅਦਾਕਾਰਾ ਅਦਿਤੀ ਰਾਓ ਹੈਦਰੀ ਵੀ ਇਸ ਵਿੱਚ ਹਿੱਸਾ ਲੈ ਰਹੀ ਹੈ। ਦੋਵਾਂ ਦੇ ਨਾਲ ਇੱਕ ਮੁਜਰਾ ਫਿਲਮਾਇਆ ਜਾ ਰਿਹਾ ਹੈ ਅਤੇ ਸ਼ੂਟਿੰਗ ‘ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵੈੱਬ ਸੀਰੀਜ਼ ‘ਹੀਰਾ ਮੰਡੀ’ ਦੀ ਸ਼ੁਰੂਆਤ ਕਾਫੀ ਵਧੀਆ ਹੋਈ ਹੈ। ਇਸ ਗੀਤ ਦੀ ਸ਼ੂਟਿੰਗ ਕਰੀਬ ਇਕ ਹਫਤੇ ‘ਚ ਪੂਰੀ ਹੋਣੀ ਹੈ, ਜਿਸ ਤੋਂ ਬਾਅਦ ਸੀਰੀਜ਼ ਦੇ ਬਾਕੀ ਕਲਾਕਾਰ ਵੀ ਇਸ ਦੀ ਸ਼ੂਟਿੰਗ ‘ਚ ਸ਼ਾਮਲ ਹੋਣਗੇ।
ਹੁਮਾ ਕੁਰੈਸ਼ੀ ਅਤੇ ਰਿਚਾ ਚੱਢਾ ਦਾ ਵੀ ਅਹਿਮ ਕਿਰਦਾਰ
ਫਿਲਮ ਵਿੱਚ ਹੁਮਾ ਕੁਰੈਸ਼ੀ ਅਤੇ ਰਿਚਾ ਚੱਢਾ ਵੀ ਅਹਿਮ ਭੂਮਿਕਾ ਵਿੱਚ ਹਨ। ਇਸ ਦੀ ਕਹਾਣੀ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੌਰਾਨ ਵੇਸਵਾਵਾਂ ਦੇ ਜੀਵਨ ‘ਤੇ ਹੋਵੇਗੀ। ਭੰਸਾਲੀ ਦਾ ਇਹ ਬਹੁਤ ਪੁਰਾਣਾ ਪ੍ਰੋਜੈਕਟ ਹੈ ਅਤੇ ਉਹ ਪਿਛਲੇ 12 ਸਾਲਾਂ ਤੋਂ ਇਸ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਰੀਬ 200 ਕਰੋੜ ਦੀ ਲਾਗਤ ਨਾਲ ਬਣ ਰਹੀ ਵੈੱਬ ਸੀਰੀਜ਼ ‘ਹੀਰਾ ਮੰਡੀ’ ਦੀ ਕਹਾਣੀ ਦੇਸ਼ ਦੀ ਵੰਡ ਤੋਂ ਪਹਿਲਾਂ ਦੀ ਹੈ ਅਤੇ ਇਸ ‘ਚ ਰਾਜਨੀਤੀ, ਸਾਜ਼ਿਸ਼ਾਂ ਅਤੇ ਦੇਸ਼ਧ੍ਰੋਹ ਦੀਆਂ ਕਹਾਣੀਆਂ ਸ਼ਾਮਲ ਹਨ।
ਸੰਜੇ ਲੀਲਾ ਭੰਸਾਲੀ ਇਕ ਬੇਹਤਰੀਨ ਨਿਰਦੇਸ਼ਕ
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੰਜੇ ਲੀਲਾ ਭੰਸਾਲੀ ਫਿਲਮ ਇੰਡਸਟਰੀ ਦੇ ਸਭ ਤੋਂ ਸ਼ਾਨਦਾਰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਹਨ। ਉਨ੍ਹਾਂ ਨੇ ਕਈ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ, ਜੋ ਵੱਡੇ ਪਰਦੇ ‘ਤੇ ਸੁਪਰਹਿੱਟ ਸਾਬਤ ਹੋਈਆਂ ਹਨ। ਸੰਜੇ ਭੰਸਾਲੀ ਜਿਸ ਤਰ੍ਹਾਂ ਫਿਲਮਾਂ ਦੀ ਕਹਾਣੀ ਨੂੰ ਗ੍ਰਹਿਣ ਕਰਦੇ ਹਨ ਅਤੇ ਨਿਰਦੇਸ਼ਨ ਰਾਹੀਂ ਇਸ ਨੂੰ ਮੂਰਤੀਮਾਨ ਕਰਦੇ ਹਨ, ਉਹ ਸ਼ਲਾਘਾਯੋਗ ਹੈ। ‘ਹਮ ਦਿਲ ਦੇ ਚੁਕੇ ਸਨਮ’, ‘ਦੇਵਦਾਸ’, ‘ਗੋਲਿਓਂ ਕੀ ਰਾਸਲੀਲਾ ਰਾਮ-ਲੀਲਾ’, ‘ਪਦਮਾਵਤ’, ‘ਬਾਜੀਰਾਓ ਮਸਤਾਨੀ’ ਅਤੇ ਉਸ ਦੀ ਤਾਜ਼ਾ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਵਰਗੀਆਂ ਫ਼ਿਲਮਾਂ ਨੇ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਗਿਆ ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ OTT ਤੇ ਰਿਲੀਜ਼ ਹੋਣ ਵਾਲੀ ਹੀਰਾਮੰਡੀ ਨੂੰ ਦਰਸ਼ਕ ਕਿੰਨਾ ਪਿਆਰ ਦਿੰਦੇ ਹਨ।