ਅਹਿਮਦਾਬਾਦ (ਸਾਹਿਬ)- ਗੁਜਰਾਤ ਦੇ ਅਹਿਮਦਾਬਾਦ ਤੋਂ ਇਸ ਸਮੇਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਗੁਜਰਾਤ ATS ਨੇ ਅਹਿਮਦਾਬਾਦ ਏਅਰਪੋਰਟ ਤੋਂ ISIS ਦੇ ਚਾਰ ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਚਾਰੋਂ ਅਤਿਵਾਦੀ ਸ੍ਰੀਲੰਕਾ ਦੇ ਨਾਗਰਿਕ ਹਨ। ਗੁਜਰਾਤ ਏਟੀਐਸ ਨੇ ਫਿਲਹਾਲ ਚਾਰਾਂ ਅਤਿਵਾਦੀਆਂ ਨੂੰ ਕਿਸੇ ਅਣਪਛਾਤੀ ਜਗ੍ਹਾ ‘ਤੇ ਲੈ ਜਾ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਅਹਿਮਦਾਬਾਦ ਹਵਾਈ ਅੱਡੇ ‘ਤੇ ਅਤਿਵਾਦੀ ਕਿਸ ਇਰਾਦੇ ਨਾਲ ਆਏ ਸਨ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ।
- ਇਸ ਤੋਂ ਪਹਿਲਾਂ ਵੀ ਗੁਜਰਾਤ ਏਟੀਐਸ ਨੇ ਇਕ ਗੁਪਤ ਅਪਰੇਸ਼ਨ ਵਿਚ ਆਈਐਸ ਖੁਰਾਸਾਨ ਨਾਲ ਜੁੜੇ ਪੰਜ ਲੋਕਾਂ ਨੂੰ ਹਿਰਾਸਤ ਵਿਚ ਲਿਆ ਸੀ। ਉਸੇ ਸਮੇਂ ਗੁਜਰਾਤ ਏਟੀਐਸ ਨੂੰ ਸੂਚਨਾ ਮਿਲੀ ਸੀ ਕਿ ਤਿੰਨ ਵਿਅਕਤੀ ਪੋਰਬੰਦਰ ਸਮੁੰਦਰੀ ਰਸਤੇ ਰਾਹੀਂ ਅਫਗਾਨਿਸਤਾਨ ਅਤੇ ਉਥੋਂ ਈਰਾਨ ਜਾਣ ਦੀ ਯੋਜਨਾ ਬਣਾ ਰਹੇ ਹਨ। ਸੂਚਨਾ ਦੇ ਆਧਾਰ ‘ਤੇ, ਗੁਜਰਾਤ ਏਟੀਐਸ ਨੇ ਪੋਰਬੰਦਰ ਵਿੱਚ ਛਾਪੇਮਾਰੀ ਕੀਤੀ ਅਤੇ ਪੋਰਬੰਦਰ ਰੇਲਵੇ ਸਟੇਸ਼ਨ ਤੋਂ ਸ਼੍ਰੀਨਗਰ ਦੇ ਉਮੈਦ ਮੀਰ, ਹਨਾਨ ਸ਼ੋਲ ਅਤੇ ਮੁਹੰਮਦ ਹਾਜ਼ਿਮ ਨਾਮਕ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਆਈਐਸਆਈਐਸ ਦੇ ਭਾਰਤ ਮਾਡਿਊਲ ਦਾ ਪਰਦਾਫਾਸ਼ ਕੀਤਾ।
- ਸੂਤਰਾਂ ਮੁਤਾਬਕ ਇਹ ਚਾਰੇ ਅਤਿਵਾਦੀ ਦੇਸ਼ ‘ਚ ਵੱਡੇ ਅਤਿਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਅਤਿਵਾਦੀ ਸ਼੍ਰੀਲੰਕਾ ਤੋਂ ਚੇਨਈ ਦੇ ਰਸਤੇ ਅਹਿਮਦਾਬਾਦ ਪਹੁੰਚੇ ਸਨ। ਗੁਜਰਾਤ ਏਟੀਐਸ ਨੇ ਇਨ੍ਹਾਂ ਚਾਰਾਂ ਅਤਿਵਾਦੀਆਂ ਨੂੰ ਨਿਸ਼ਾਨੇ ਵਾਲੇ ਸਥਾਨ ‘ਤੇ ਪਹੁੰਚਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ।
- ਇਹ ਵੀ ਪਤਾ ਲੱਗਾ ਹੈ ਕਿ ਇਹ ਅਤਿਵਾਦੀ ਪਾਕਿਸਤਾਨ ਤੋਂ ਆਪਣੇ ਹੈਂਡਲਰ ਦੇ ਹੁਕਮਾਂ ਦੀ ਉਡੀਕ ਕਰ ਰਹੇ ਸਨ। ਇਨ੍ਹਾਂ ਅਤਿਵਾਦੀਆਂ ਦੇ ਅਹਿਮਦਾਬਾਦ ਪਹੁੰਚਣ ਤੋਂ ਬਾਅਦ ਗੁਜਰਾਤ ਪੁਲਿਸ ਅਲਰਟ ਮੋਡ ਵਿਚ ਆ ਗਈ ਹੈ।