ਤਰਨਤਾਰਨ (ਜਸਪ੍ਰੀਤ): ਪੰਜਾਬ ‘ਚ ਪੰਚਾਇਤੀ ਚੋਣਾਂ ਲਈ ਵੋਟਿੰਗ ਮੰਗਲਵਾਰ ਸਵੇਰੇ 8 ਵਜੇ ਸ਼ੁਰੂ ਹੋ ਗਈ, ਵੱਡੀ ਗਿਣਤੀ ‘ਚ ਲੋਕ ਆਪਣੇ ਵੋਟ ਦਾ ਇਸਤੇਮਾਲ ਕਰਨ ਲਈ ਸਵੇਰ ਤੋਂ ਹੀ ਕਤਾਰਾਂ ‘ਚ ਖੜ੍ਹੇ ਰਹੇ। ਕਈ ਥਾਵਾਂ ‘ਤੇ ਗੋਲੀਬਾਰੀ ਅਤੇ ਹਿੰਸਕ ਘਟਨਾਵਾਂ ਦੀਆਂ ਖਬਰਾਂ ਵੀ ਆ ਰਹੀਆਂ ਹਨ। ਤਰਨਤਾਰਨ ਦੇ ਪਿੰਡ ਸੋਹਲ ਸੈਨ ਵਿੱਚ ਵੋਟਿੰਗ ਦੌਰਾਨ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। 4 ਲੋਕ ਜ਼ਖਮੀ ਹੋਏ ਹਨ। ਕੁਝ ਦਿਨ ਪਹਿਲਾਂ ਕਥਿਤ ਤੌਰ ’ਤੇ 10 ਹਥਿਆਰਬੰਦ ਹਮਲਾਵਰਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਸਰਪੰਚ ਦੇ ਅਹੁਦੇ ਲਈ ਚੋਣ ਲੜ ਰਹੇ ਪਿੰਡ ਬਾਗੜੀਆਂ ਦੇ ਸਾਬਕਾ ਸਰਪੰਚ ਨੇ ਆਪਣੇ ਸਮਰਥਕਾਂ ਦਾ ਮਨੋਬਲ ਵਧਾਉਣ ਲਈ ਪੋਲਿੰਗ ਬੂਥ ਨੇੜੇ ਡੇਰੇ ਲਾਏ ਹੋਏ ਹਨ।
ਪੁਲੀਸ ਨੇ ਮੁੱਖ ਮੁਲਜ਼ਮਾਂ ਵਿੱਚੋਂ ਪੰਜ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ, ਪਰ ਬਾਗੜੀਆਂ ਪੋਲਿੰਗ ਸਟੇਸ਼ਨ ਨੂੰ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਪਹਿਲਾਂ ਹੋਏ ਹਮਲੇ ਤੋਂ ਬਾਅਦ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵਾਧੂ ਬਲ ਤਾਇਨਾਤ ਕੀਤੇ ਗਏ ਹਨ। ਪਰਮਜੀਤ ਸਿੰਘ ਨੇ ਪੁਲੀਸ ਵੱਲੋਂ ਕੀਤੇ ਸੁਰੱਖਿਆ ਪ੍ਰਬੰਧਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਤੱਕ ਵੋਟਾਂ ਅਤੇ ਗਿਣਤੀ ਦੀ ਪ੍ਰਕਿਰਿਆ ਮੁਕੰਮਲ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਪੋਲਿੰਗ ਸਟੇਸ਼ਨ ਦੇ ਬਾਹਰ ਡੇਰੇ ਲਾਉਣਗੇ। ਸ਼ੁੱਕਰਵਾਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਲੈਸ ਅਣਪਛਾਤੇ ਬਦਮਾਸ਼ਾਂ ਦੇ ਇਕ ਗਰੁੱਪ ਨੇ ਪਰਮਜੀਤ ਸਿੰਘ ‘ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਪਿੰਡ ਦੇ ਬੱਸ ਸਟੈਂਡ ‘ਤੇ ਪੋਸਟਰ ਲਗਾ ਰਿਹਾ ਸੀ। ਸੀਸੀਟੀਵੀ ਫੁਟੇਜ ਅਤੇ ਗਵਾਹਾਂ ਵੱਲੋਂ ਇਕੱਠੇ ਕੀਤੇ ਸਬੂਤਾਂ ਦੇ ਆਧਾਰ ’ਤੇ ਪੁਲੀਸ ਨੇ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।