ਸੁਲਤਾਨਪੁਰ (ਸਾਹਿਬ)— ਮਸ਼ਹੂਰ ਡਾਕਟਰ ਘਨਸ਼ਿਆਮ ਤਿਵਾੜੀ ਕਤਲ ਕੇਸ ਦੇ ਦੋਸ਼ੀ ਵਿਜੇ ਨਰਾਇਣ ਸਿੰਘ ਦੀ ਸੁਲਤਾਨਪੁਰ, ਯੂ.ਪੀ. ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹੁਣ ਵਿਜੇ ਨਰਾਇਣ ਦੇ ਕਤਲ ਕੇਸ ਵਿੱਚ ਘਨਸ਼ਿਆਮ ਤਿਵਾਰੀ ਦੀ ਪਤਨੀ ਨਿਸ਼ਾ ਤਿਵਾਰੀ ਸਮੇਤ 6 ਨਾਮੀ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਨੇ ਮ੍ਰਿਤਕ ਦੇ ਵੱਡੇ ਭਰਾ ਸਤੀਸ਼ ਨਰਾਇਣ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ।
- ਵਰਣਨਯੋਗ ਹੈ ਕਿ ਵਿਜੇ ਨਰਾਇਣ ਸਿੰਘ (45) ਹਾਲ ਹੀ ਵਿਚ 23 ਸਤੰਬਰ 2023 ਨੂੰ ਹੋਏ ਘਨਸ਼ਿਆਮ ਤਿਵਾੜੀ ਦੇ ਕਤਲ ਕੇਸ ਵਿਚ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਮ੍ਰਿਤਕ ਵਿਜੇ ਨਰਾਇਣ ਸਿੰਘ ਭਾਜਪਾ ਯੁਵਾ ਮੋਰਚਾ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਚੰਦਨ ਨਰਾਇਣ ਸਿੰਘ ਦਾ ਭਰਾ ਅਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗਿਰੀਸ਼ ਨਰਾਇਣ ਸਿੰਘ ਉਰਫ਼ ਬੱਬਨ ਦਾ ਭਤੀਜਾ ਹੈ।ਉਸ ਦੇ ਕਤਲ ਨੇ ਇਲਾਕੇ ਵਿੱਚ ਹਲਚਲ ਮਚਾ ਦਿੱਤੀ ਹੈ। ਮੌਕੇ ‘ਤੇ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।
- ਦਰਅਸਲ, ਐਤਵਾਰ ਰਾਤ ਨੂੰ ਨਗਰ ਕੋਤਵਾਲੀ ਦੇ ਦਰਿਆਪੁਰ ਸਥਿਤ ਇੱਕ ਹੋਟਲ ਦੇ ਸਾਹਮਣੇ ਵਿਜੇ ਨਰਾਇਣ ਸਿੰਘ ਦੀ ਕਿਸੇ ਗੱਲ ਨੂੰ ਲੈ ਕੇ ਕੁਝ ਲੋਕਾਂ ਨਾਲ ਬਹਿਸ ਹੋ ਗਈ ਸੀ। ਇਸ ਦੌਰਾਨ ਝਗੜਾ ਵਧ ਗਿਆ ਅਤੇ ਬਾਈਕ ਸਵਾਰ ਬਦਮਾਸ਼ਾਂ ਨੇ ਵਿਜੇ ਨਰਾਇਣ ਅਤੇ ਉਸ ਦੇ ਸਾਥੀ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ‘ਚ ਵਿਜੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੌਰਾਨ ਘਟਨਾ ‘ਚ ਜ਼ਖਮੀ ਹੋਏ ਦੂਜੇ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।
- ਮ੍ਰਿਤਕ ਵਿਜੇ ਨਰਾਇਣ ਸਿੰਘ ਕੁਝ ਮਹੀਨੇ ਪਹਿਲਾਂ ਡਾਕਟਰ ਘਨਸ਼ਿਆਮ ਤਿਵਾੜੀ ਕਤਲ ਕੇਸ ਵਿੱਚ ਜੇਲ੍ਹ ਗਿਆ ਸੀ ਅਤੇ ਇਸ ਵੇਲੇ ਜ਼ਮਾਨਤ ’ਤੇ ਬਾਹਰ ਸੀ। ਘਟਨਾ ‘ਤੇ ਪੁਲਸ ਦਾ ਕਹਿਣਾ ਹੈ ਕਿ ਕੁਝ ਸਬੂਤ ਮਿਲੇ ਹਨ, ਜਿਨ੍ਹਾਂ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਕਾਤਲਾਂ ਨੂੰ ਫੜਨ ਲਈ ਟੀਮਾਂ ਬਣਾਈਆਂ ਗਈਆਂ ਹਨ, ਜਲਦ ਹੀ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ। ਮੁਲਜ਼ਮਾਂ ਦੇ ਸੰਭਾਵੀ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਐਸ.ਓ.ਜੀ ਵੀ ਲਗਾਇਆ ਗਿਆ ਹੈ।