ਪੁੰਛ/ਜੰਮੂ (ਸਾਹਿਬ) : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਮੰਗਲਵਾਰ ਦੇਰ ਰਾਤ ਧਮਾਕਾ ਹੋਇਆ, ਪਰ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਇਹ ਘਟਨਾ ਰਾਤ ਕਰੀਬ 11.15 ਵਜੇ ਪੁੰਛ ਸ਼ਹਿਰ ਦੇ ਇਕ ਧਾਰਮਿਕ ਸਥਾਨ ਦੇ ਕੋਲ ਇਕ ਗਲੀ ਵਿਚ ਵਾਪਰੀ, ਜਿਸ ਕਾਰਨ ਸਥਾਨਕ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।
- ਧਮਾਕੇ ਦੀ ਪ੍ਰਕਿਰਤੀ ਦੀ ਜਾਂਚ ਕਰਨ ਲਈ ਪੁਲਿਸ ਅਤੇ ਫੌਜ ਦੇ ਜਵਾਨਾਂ ਦੇ ਨਾਲ-ਨਾਲ ਫੋਰੈਂਸਿਕ ਮਾਹਰ ਤੁਰੰਤ ਮੌਕੇ ‘ਤੇ ਪਹੁੰਚ ਗਏ। ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਧਮਾਕਾ ਸ਼ੱਕੀ ਅੱਤਵਾਦੀਆਂ ਵੱਲੋਂ ਚੀਨੀ ਹੈਂਡ ਗ੍ਰੇਨੇਡ ਸੁੱਟੇ ਜਾਣ ਤੋਂ ਬਾਅਦ ਹੋਇਆ। ਇਸ ਘਟਨਾ ਨਾਲ ਇਲਾਕਾ ਨਿਵਾਸੀਆਂ ਵਿੱਚ ਭਾਰੀ ਦਹਿਸ਼ਤ ਅਤੇ ਡਰ ਦਾ ਮਾਹੌਲ ਬਣ ਗਿਆ। ਹਾਲਾਂਕਿ ਖੁਸ਼ਕਿਸਮਤੀ ਨਾਲ ਇਸ ਧਮਾਕੇ ‘ਚ ਕੋਈ ਜ਼ਖਮੀ ਨਹੀਂ ਹੋਇਆ।
- ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਧਮਾਕੇ ਦਾ ਮਕਸਦ ਸਥਾਨਕ ਲੋਕਾਂ ਵਿਚ ਡਰ ਅਤੇ ਅਸਥਿਰਤਾ ਪੈਦਾ ਕਰਨਾ ਸੀ। ਸੁਰੱਖਿਆ ਬਲਾਂ ਨੇ ਸੁਰੱਖਿਆ ਕਾਰਨਾਂ ਕਰਕੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਦੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਅਤੇ ਧਮਾਕੇ ਵਾਲੀ ਥਾਂ ਦੀ ਵਿਆਪਕ ਜਾਂਚ ਕੀਤੀ ਜਾ ਰਹੀ ਹੈ।