ਜੰਡਿਆਲਾ ਗੁਰੂ (ਹਰਮੀਤ) : ਥਾਣਾ ਜੰਡਿਆਲਾ ਅਧੀਨ ਪੈਂਦੇ ਪਿੰਡ ਧਾਰੜ ਦੇ ਰਹਿਣ ਵਾਲੇ ਦੋਧੀ ਕੁਲਬੀਰ ਸਿੰਘ ਦਾ ਅਮਰੀਕਾ ਬੈਠੇ ਕੁਝ ਵਿਅਕਤੀਆਂ ਵੱਲੋਂ ਕਤਲ ਕਰਵਾਇਆ ਗਿਆ ਹੈ। ਇਸ ਘਟਨਾ ਨੂੰ ਪਿੰਡ ਧਾਰੜ ਦੇ ਰਹਿਣ ਵਾਲੇ ਕਸ਼ਮੀਰ ਸਿੰਘ ਨੇ ਆਪਣੇ ਰਿਸ਼ਤੇਦਾਰ ਜਗਰੂਪ ਸਿੰਘ ਰਾਹੀਂ ਅੰਜਾਮ ਦਿੱਤਾ। ਉਸ ਨੇ ਇਸ ਦੇ ਲਈ ਦੋ ਸ਼ਾਰਪ ਸ਼ੂਟਰ ਹਾਇਰ ਕੀਤੇ ਅਤੇ ਉਨ੍ਹਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਿਸ ਨੇ ਜਗਰੂਪ ਸਿੰਘ, ਕਸ਼ਮੀਰ ਸਿੰਘ ਵਾਸੀ ਪਿੰਡ ਧਾਰੜ, ਇਕਬਾਲ ਕੌਰ ਵਾਸੀ ਧਾਰੜ, ਵਰਿੰਦਰ ਸਿੰਘ, ਸੁੱਖਾ ਸਿੰਘ ਵਾਸੀ ਤਖਤੂਚੱਕ ਥਾਣਾ ਵੈਰੋਵਾਲ ਜ਼ਿਲ੍ਹਾ ਤਰਨਤਾਰਨ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਿੰਡ ਧਾਰੜ ਦੇ ਕਸ਼ਮੀਰ ਸਿੰਘ ਦੀ ਲੜਕੀ ਦੀ ਸਾਲ 2011 ਵਿਚ ਮੌਤ ਹੋ ਗਈ ਸੀ। ਉਸ ਨੂੰ ਸ਼ੱਕ ਸੀ ਕਿ ਉਸ ਦੀ ਲੜਕੀ ਦਲਜੀਤ ਕੌਰ ਜੋ ਕਿ ਐੱਮਕੇ ਹੋਟਲ ਵਿਚ ਨੌਕਰੀ ਕਰਦੀ ਸੀ, ਦੇ ਨਾਲ ਕੁਲਬੀਰ ਸਿੰਘ ਦੇ ਨਾਜਾਇਜ਼ ਸਬੰਧ ਸਨ। ਉਸ ਦੀ ਧੀ ਦੀ ਮੌਤ ਤੋਂ ਬਾਅਦ ਕਸ਼ਮੀਰ ਸਿੰਘ ਦੇ ਪਰਿਵਾਰ ਵਾਲਿਆਂ ਨੇ ਥਾਣਾ ਸਿਵਲ ਲਾਈਨ ਵਿਚ ਉਸ ਦੇ ਲੜਕੇ ਕੁਲਬੀਰ ਸਿੰਘ ਖ਼ਿਲਾਫ਼ ਕਤਲ ਦਾ ਕੇਸ ਵੀ ਦਰਜ ਕਰਵਾਇਆ ਸੀ। ਮ੍ਰਿਤਕ ਕਰੀਬ 2 ਸਾਲ ਜੇਲ੍ਹ ’ਚ ਵੀ ਰਿਹਾ ਜਿਸ ਤੋਂ ਬਾਅਦ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ। ਪਰਿਵਾਰ ਨੂੰ ਰੰਜਿਸ਼ ਸੀ ਕਿ ਕੁਲਬੀਰ ਸਿੰਘ ਹੀ ਉਨ੍ਹਾਂ ਦੀ ਧੀ ਦੀ ਮੌਤ ਦਾ ਕਾਰਨ ਹੈ ਅਤੇ ਅਦਾਲਤ ਨੇ ਵੀ ਉਸ ਨੂੰ ਬਰੀ ਕਰ ਦਿੱਤਾ ਹੈ। ਮੁਲਜ਼ਮ ਦਾ ਰਿਸ਼ਤੇਦਾਰ ਜਗਰੂਪ ਸਿੰਘ ਅਮਰੀਕਾ ਰਹਿੰਦਾ ਹੈ। ਲੜਕੀ ਦੇ ਪਿਤਾ ਕਸ਼ਮੀਰ ਸਿੰਘ ਅਤੇ ਮਾਤਾ ਇਕਬਾਲ ਕੌਰ ਨੇ ਉਸ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਜਗਰੂਪ ਸਿੰਘ ਨੇ ਵਰਿੰਦਰ ਸਿੰਘ ਅਤੇ ਸੁੱਖਾ ਸਿੰਘ ਨੂੰ ਸੁਪਾਰੀ ਦਿੱਤੀ ਅਤੇ ਕੁਲਬੀਰ ਸਿੰਘ ਨੂੰ ਗੋਲੀ ਮਾਰ ਕੇ ਮਰਵਾ ਦਿੱਤਾ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸ਼ਾਮ ਕਰੀਬ 7.15 ਵਜੇ ਕੁਲਬੀਰ ਸਿੰਘ ਨੂੰ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਉਹ ਪਿੰਡ ਤਲਾਵਾਂ ਵਿਚ ਲੋਕਾਂ ਦੇ ਘਰਾਂ ਤੱਕ ਦੁੱਧ ਦੇਣ ਲਈ ਪਹੁੰਚੇ ਸਨ। ਉਹ ਲੋਕਾਂ ਨੂੰ ਦੁੱਧ ਦੇ ਕੇ ਆਪਣੀ ਕਾਰ ’ਚ ਘਰ ਪਰਤ ਰਿਹਾ ਸੀ ਤਾਂ ਰਸਤੇ ‘ਚ ਦੋ ਹਮਲਾਵਰਾਂ ਨੇ ਉਸ ਨੂੰ ਰੋਕ ਲਿਆ ਅਤੇ ਕਾਰ ਦਾ ਸ਼ੀਸ਼ਾ ਖੜਕਾਉਂਦੇ ਹੋਏ ਕਾਰ ਦੀ ਖਿੜਕੀ ਖੁਲ੍ਹਵਾਈ। ਸ਼ੀਸ਼ਾ ਖੋਲ੍ਹਦੇ ਹੀ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਉਸ ਨੂੰ ਤਿੰਨ ਗੋਲੀਆਂ ਲੱਗੀਆਂ। ਇਕ ਕੰਨ, ਇਕ ਸਿਰ ਅਤੇ ਇਕ ਹੱਥ ਵਿਚ ਗੋਲੀ ਲੱਗੀ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ। ਡੀਐੱਸਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਰੰਜਿਸ਼ ਪਿਛਲੇ 10-15 ਸਾਲਾਂ ਤੋਂ ਚੱਲ ਰਹੀ ਸੀ।