ਚੰਡੀਗੜ੍ਹ (ਹਰਮੀਤ) : ਡਾਕਟਰਾਂ ਦੀ ਮੋਹਰੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਆਪਣੇ ਸਾਰੇ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ 9 ਸਤੰਬਰ ਤੋਂ ਐਲਾਨੀ ਹੜਤਾਲ ਵਿਚ ਕੁਝ ਬਦਲਾਅ ਕੀਤੇ ਹਨ। ਅੱਜ ਤੋਂ ਅਗਲੇ ਤਿੰਨ ਦਿਨਾਂ ਤੱਕ ਸਰਕਾਰੀ ਹਸਪਤਾਲਾਂ ਵਿੱਚ ਓ.ਪੀ. ਡੀ ਦੀਆਂ ਸੇਵਾਵਾਂ ਸਵੇਰੇ 8 ਵਜੇ ਤੋਂ ਸਵੇਰੇ 11 ਵਜੇ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਅਸੀਂ ਗੱਲਬਾਤ ਲਈ ਸੁਖਾਵਾਂ ਮਾਹੌਲ ਬਣਾਈ ਰੱਖਣਾ ਚਾਹੁੰਦੇ ਹਾਂ ਪਰ ਅਜੇ ਤੱਕ ਸਿਹਤ ਮੰਤਰੀ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਦਿੱਤਾ ਗਿਆ ਭਰੋਸਾ ਜ਼ਮੀਨੀ ਪੱਧਰ ‘ਤੇ ਨਹੀਂ ਪਹੁੰਚਿਆ ਅਤੇ ਨਾ ਹੀ ਸਰਕਾਰ ਨੇ ਵਾਰ-ਵਾਰ ਮੀਟਿੰਗਾਂ ਕਰਨ ਤੋਂ ਬਾਅਦ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਨ੍ਹਾਂ ਕਿਹਾ ਕਿ ਜੇਕਰ 11 ਸਤੰਬਰ ਦੀ ਮੀਟਿੰਗ ਬੇਸਿੱਟਾ ਰਹੀ ਅਤੇ ਤਰੱਕੀ ਸਬੰਧੀ ਕੋਈ ਨੋਟੀਫਿਕੇਸ਼ਨ ਨਾ ਮਿਲਿਆ ਤਾਂ 12 ਸਤੰਬਰ ਤੋਂ ਮੁਕੰਮਲ ਹੜਤਾਲ ਕੀਤੀ ਜਾਵੇਗੀ।
ਸਵੇਰੇ 8 ਵਜੇ ਤੋਂ 11 ਵਜੇ ਤੱਕ ਓ.ਪੀ.ਡੀ. ਸੇਵਾਵਾਂ ਬੰਦ ਰਹਿਣਗੀਆਂ। ਸੰਗਠਨ ਮੁਤਾਬਕ ਭਰਤੀ ਪ੍ਰੀਖਿਆ, ਡਰਾਈਵਿੰਗ ਲਾਇਸੈਂਸ ਅਤੇ ਬੰਦੂਕ ਲਾਇਸੈਂਸ ਲਈ ਮੈਡੀਕਲ ਜਾਂਚ ਵਰਗੀ ਕੋਈ ਆਮ ਮੈਡੀਕਲ ਜਾਂਚ ਨਹੀਂ ਹੋਵੇਗੀ। ਡੇਂਗੂ ਤੋਂ ਇਲਾਵਾ ਕੋਈ ਰਿਪੋਰਟ ਨਹੀਂ ਭੇਜੀ ਜਾਵੇਗੀ। ਡਾਕਟਰਾਂ ਅਨੁਸਾਰ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ।