ਚੰਡੀਗੜ੍ਹ (ਹਰਮੀਤ ):ਕੋਲਕਾਤਾ ‘ਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੇ ਕਤਲ ਦੇ ਵਿਰੋਧ ‘ਚ ਅੱਜ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ‘ਚ ਡਾਕਟਰ ਹੜਤਾਲ ‘ਤੇ ਹਨ। ਇਸ ਦੌਰਾਨ ਓਪੀਡੀ ਵਿੱਚ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ ਹੈ।ਇਸ ਦੇ ਨਾਲ ਹੀ ਹੜਤਾਲ ਨੂੰ ਮੁਹੱਲਾ ਕਲੀਨਿਕਾਂ ਵਿੱਚ ਤਾਇਨਾਤ ਡਾਕਟਰਾਂ ਦਾ ਵੀ ਸਮਰਥਨ ਮਿਲਿਆ ਹੈ।
ਇਸ ਦੇ ਨਾਲ ਹੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੱਲ੍ਹ ਸਵੇਰੇ 6 ਵਜੇ ਤੋਂ 24 ਘੰਟੇ ਦੀ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ। ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ। ਡਾਕਟਰਾਂ ਦਾ ਕਹਿਣਾ ਹੈ ਕਿ ਇੱਕ ਡਾਕਟਰ ਦਾ ਡਿਊਟੀ ਦੌਰਾਨ ਜਬਰ ਜਨਾਹ ਕਰਨ ਤੋਂ ਬਾਅਦ ਕਤਲ ਕੀਤਾ ਗਿਆ ਹੈ। ਅਜਿਹੇ ‘ਚ ਹੁਣ ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਡਾਕਟਰਾਂ ਨੂੰ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ।
ਜੇਕਰ ਗੱਲ ਬਠਿੰਡਾ ਦੀ ਕੀਤੀ ਜਾਵੇ ਤਾਂ ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ਾਂ ਨੇ ਦੱਸਿਆ ਕਿ ਉਹ ਦੂਰ-ਦੂਰ ਤੋਂ ਦਵਾਈ ਲੈਣ ਪੁੱਜੇ ਹਨ, ਕਿਉਂਕਿ ਕੱਲ੍ਹ 15 ਅਗਸਤ ਹੋਣ ਕਾਰਨ ਛੁੱਟੀ ਸੀ ਤੇ ਅੱਜ ਵੀ ਉਹਨਾਂ ਨੂੰ ਡਾਕਟਰ ਨਹੀਂ ਮਿਲ ਰਹੇ ਜਿਸ ਕਰਕੇ ਉਹਨਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਟਿਆਲਾ ‘ਚ ਵੀ ਡਾਕਟਰਾਂ ਵੱਲੋਂ ਓਪੀਡੀ ਸੇਵਾਵਾਂ ਬੰਦ ਕੀਤੀਆਂ ਗਈਆਂ ਅਤੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਸਰਕਾਰੀ ਹਸਪਤਾਲ ਦੇ ਵਿੱਚ ਓਪੀਡੀ ਸੇਵਾਵਾਂ ਬੰਦ ਰੱਖ ਕੇ ਡਾਕਟਰਾਂ ਵੱਲੋਂ ਰੋਸ ਜਤਾਇਆ ਜਾ ਰਿਹਾਹੈ। ਇਸ ਤੋਂ ਇਲਾਵਾ ਫਰੀਦਕੋਟ ਵਿੱਚ ਓਪੀਡੀ ਸੇਵਾਵਾਂ ਅਣਮਿਥੇ ਸਮੇਂ ਲਈ ਬੰਦ ਕੀਤੀਆਂ ਗਈਆਂ ਹਨ।