ਲੰਡਨ (ਰਾਘਵ) : ਪਹਿਲੀ ਵਾਰ ਕਿਸੇ ਦਸਤਾਰਧਾਰੀ ਸਿੱਖ ਨੂੰ ਬ੍ਰਿਟੇਨ ਦੀ ਨਵੀਂ ਸੰਸਦ ਦੀ ਰੱਖਿਆ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਹੈ। ਜਲੰਧਰ ਦੇ ਰਹਿਣ ਵਾਲੇ ਤਨਮਨਜੀਤ ਸਿੰਘ ਢੇਸੀ ਨੂੰ ਇਹ ਮੌਕਾ ਮਿਲਿਆ ਹੈ। ਸੰਸਦ ਮੈਂਬਰ ਨੂੰ 563 ਜਾਇਜ਼ ਵੋਟਾਂ ਵਿੱਚੋਂ 320 ਵੋਟਾਂ ਮਿਲੀਆਂ। ਉਨ੍ਹਾਂ ਦੇ ਵਿਰੋਧੀ ਅਤੇ ਸਾਥੀ ਲੇਬਰ ਸੰਸਦ ਮੈਂਬਰ ਡੇਰੇਕ ਟਵਿਗ ਨੂੰ 243 ਵੋਟਾਂ ਮਿਲੀਆਂ।
ਰੱਖਿਆ ਕਮੇਟੀ ਦਾ ਚੇਅਰਮੈਨ ਚੁਣੇ ਜਾਣ ‘ਤੇ ਢੇਸੀ ਨੇ ਕਿਹਾ ਕਿ ਮੈਂ ਸਦਨ ‘ਚ ਆਪਣੇ ਸਾਥੀਆਂ ਦਾ ਮੇਰੇ ‘ਤੇ ਭਰੋਸਾ ਜਤਾਉਣ ਲਈ ਧੰਨਵਾਦ ਕਰਨਾ ਚਾਹਾਂਗਾ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਵਿਦੇਸ਼ ਵਿੱਚ ਸਾਡੇ ਸਾਹਮਣੇ ਖਤਰੇ ਪੈਮਾਨੇ ਅਤੇ ਜਟਿਲਤਾ ਵਿੱਚ ਵਧ ਰਹੇ ਹਨ। ਰੱਖਿਆ ਕਮੇਟੀ ਦੇ ਚੇਅਰਮੈਨ ਵਜੋਂ, ਮੈਂ ਇਹ ਯਕੀਨੀ ਬਣਾਉਣ ‘ਤੇ ਧਿਆਨ ਦੇਵਾਂਗਾ ਕਿ ਸਾਡਾ ਦੇਸ਼ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਸਕੇ। ਐਮਪੀ ਢੇਸੀ ਯੂਕੇ ਲਗਾਤਾਰ ਤੀਜੀ ਵਾਰ ਐਮਪੀ ਬਣੇ ਹਨ। ਉਸ ਦੇ ਪਿਤਾ ਜਸਪਾਲ ਸਿੰਘ ਢੇਸੀ ਯੂਕੇ ਵਿੱਚ ਗੁਰਦੁਆਰਾ ਸਾਹਿਬ ਦੇ ਮੁਖੀ ਹਨ ਅਤੇ ਚਾਚਾ ਪਰਮਜੀਤ ਸਿੰਘ ਰਾਏਪੁਰ ਪੰਜਾਬ ਵਿੱਚ ਐਸਜੀਪੀਸੀ ਦੇ ਮੈਂਬਰ ਹਨ।