ਪਾਇਲ (ਨੇਹਾ): ਅੱਜਕਲ ਭੋਲੇ-ਭਾਲੇ ਬੇਰੋਜ਼ਗਾਰ ਨੌਜਵਾਨਾਂ ਨੂੰ ਠੱਗਣ ਲਈ ਸਾਈਬਰ ਠੱਗੀ ਕਰਨ ਵਾਲੇ ਨਿੱਤ ਨਵੇਂ ਹੱਥਕੰਡੇ ਅਪਣਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਹਲਕਾ ਪਾਇਲ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਬੇਰੁਜ਼ਗਾਰ ਲੜਕੀ ਨੂੰ ਵਟਸਐਪ ਗਰੁੱਪ ਰਾਹੀਂ ਐਮਾਜ਼ਾਨ ਸ਼ਾਪਿੰਗ ਮਾਲ ਵਿੱਚ ਨੌਕਰੀ ਦਿਵਾਉਣ ਦੇ ਬਹਾਨੇ 5 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਾਅਦ ‘ਚ ਇਸ ਸ਼ਿਕਾਇਤ ਦੇ ਆਧਾਰ ‘ਤੇ ਸਾਈਬਰ ਕ੍ਰਾਈਮ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 318 ਬੀਐੱਨਐੱਸ ਅਤੇ 66 (ਡੀ) ਆਈਟੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਧਨਜੀਤ ਕੌਰ ਪੁੱਤਰੀ ਗੁਰਦੀਪ ਸਿੰਘ ਵਾਸੀ ਪਿੰਡ ਕਿਸ਼ਨਪੁਰਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਨੇ ਪੰਜਾਬ ਪੁਲਿਸ ਦੇ ਪਬਲਿਕ ਸ਼ਿਕਾਇਤ ਪੋਰਟਲ ‘ਤੇ ਸ਼ਿਕਾਇਤ ਦਰਜ ਕਰਵਾਈ ਹੈ ਕਿ 21/09/2024 ਨੂੰ ਉਸਦੇ ਮੋਬਾਈਲ ‘ਤੇ ਇੱਕ ਵਟਸਐਪ ਸੁਨੇਹਾ ਆਇਆ ਕਿ ਨੌਕਰੀ ਉਪਲਬਧ ਹੈ। ਔਨਲਾਈਨ ਐਮਾਜ਼ਾਨ ਸ਼ਾਪਿੰਗ ਮਾਲ ਅਤੇ ਰੋਜ਼ਾਨਾ ਦੀ ਤਨਖਾਹ 4 ਹਜ਼ਾਰ ਰੁਪਏ ਤੋਂ 20 ਹਜ਼ਾਰ ਰੁਪਏ ਹੋਵੇਗੀ। ਬਾਅਦ ਵਿੱਚ, ਇਸ ਸੰਦੇਸ਼ ਨੂੰ ਪੜ੍ਹ ਕੇ ਅਤੇ ਅਪਲਾਈ ਕਰਨ ਬਾਰੇ ਪੁੱਛਣ ਤੋਂ ਬਾਅਦ, ਦੋਸ਼ੀ ਨੇ ਉਸ ਤੋਂ 200 ਰੁਪਏ ਦੀ ਟ੍ਰਾਂਜੈਕਸ਼ਨ ਫੀਸ ਲਈ ਅਤੇ ਫਿਰ ਉਸਨੂੰ ਟੈਲੀਗ੍ਰਾਮ ਵਿੱਚ ਸ਼ਾਮਲ ਹੋਣ ਲਈ ਕਿਹਾ। ਜਦੋਂ ਪੀੜਤਾ ਉਕਤ ਲਿੰਕ ‘ਤੇ ਕਲਿੱਕ ਕਰਕੇ ਜੁਆਇਨ ਕੀਤੀ ਤਾਂ ਉਸਨੂੰ ਇੱਕ ਟਾਸਕ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਉਸਨੂੰ ਇਹ ਸਾਰੇ ਕੰਮ ਪੂਰੇ ਕਰਨੇ ਪੈਣਗੇ।
ਜਿਸ ਨੇ ਕੰਮ ਪੂਰਾ ਕਰਨ ਦੇ ਬਹਾਨੇ UPI ਪੇਮੈਂਟ ਰਾਹੀਂ ਵੱਖ-ਵੱਖ ਖਾਤਿਆਂ ‘ਚ 5 ਲੱਖ ਰੁਪਏ ਦਾ ਆਨਲਾਈਨ ਲੈਣ-ਦੇਣ ਕਰਕੇ ਮੇਰੇ ਨਾਲ ਠੱਗੀ ਮਾਰੀ ਹੈ। ਧਨਜੀਤ ਕੌਰ ਨੇ ਪੁਲੀਸ ਨਾਲ ਸੰਪਰਕ ਕਰਕੇ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਸਾਈਬਰ ਕਰਾਈਮ ਥਾਣੇ ਦੇ ਮੁਖੀ ਇੰਸਪੈਕਟਰ ਹੇਮੰਤ ਕੁਮਾਰ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।