Nation Post

15 ਤੋਂ 18 ਸਾਲ ਵਰਗ ਦੀ COWIN ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ, ਜਾਣੋ ਕੀ ਹੈ ਪ੍ਰੋਸੈੱਸ

ਦੇਸ਼ ‘ਚ ਓਮੀਕ੍ਰੋਨ ਵੇਰੀਐਂਟ ਦੇ ਖਤਰੇ ਦੇ ਵਿਚਕਾਰ ਬੱਚਿਆਂ ਨੂੰ ਟੀਕਾਕਰਨ ਦੀ ਮੁਹਿੰਮ 3 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਇਸ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 1 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਧਿਆਨ ਦੇਣ ਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਿਸਮਸ ‘ਤੇ ਐਲਾਨ ਕੀਤਾ ਸੀ ਕਿ ਦੇਸ਼ ਦੇ 15 ਤੋਂ 18 ਸਾਲ ਦੇ ਸਾਰੇ ਬੱਚਿਆਂ ਨੂੰ ਕੋਰੋਨਾ ਮਹਾਮਾਰੀ ਨਾਲ ਲੜਨ ਲਈ 3 ਜਨਵਰੀ ਤੋਂ ਟੀਕਾਕਰਨ ਕੀਤਾ ਜਾਵੇਗਾ।

ਬੱਚਿਆਂ ਨੂੰ ਸਿਰਫ ਕੋਵੈਕਸੀਨ ਦੀ ਡੋਜ਼ ਲੱਗੇਗੀ

ਕੇਂਦਰੀ ਸਿਹਤ ਸਕੱਤਰ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸੂਚਿਤ ਕੀਤਾ ਹੈ ਕਿ 15-18 ਉਮਰ ਵਰਗ ਨੂੰ ਭਾਰਤ ਬਾਇਓਟੈੱਕ ਕੰਪਨੀ ਵੱਲੋਂ ਤਿਆਰ ‘ਕੋਵੈਕਸੀਨ’ ਦੀ ਖੁਰਾਕ ਦਿੱਤੀ ਜਾਵੇਗੀ। ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ‘ਕੋਵੈਕਸੀਨ’ ਦੀਆਂ ਢੁਕਵੀਆਂ ਡੋਜ਼ ਭੇਜੀਆਂ ਗਈਆਂ ਹਨ।

ਕੋਵਿਡ ਪੋਰਟਲ ‘ਤੇ ਰਜਿਸਟ੍ਰੇਸ਼ਨ ਸ਼ੁਰੂ

ਉੱਥੇ ਹੀ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਟਵੀਟ ਰਾਹੀਂ ਦੱਸਿਆ ਹੈ ਕਿਦੇਸ਼ ਦਾ ਭਵਿੱਖ ਸੁਰੱਖਿਅਤ ਹੈ। ਨਵੇਂ ਸਾਲ ‘ਤੇ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੇ #COVID19 ਟੀਕਾਕਰਨ ਲਈ COWIN ਪੋਰਟਲ ‘ਤੇ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ। ਪਰਿਵਾਰਾਂ ਨੂੰ ਅਪੀਲ ਹੈ ਕਿ ਬੱਚਿਆਂ ਨੂੰ ਵੈਕਸੀਨ ਲਗਵਾਉਣ ਲਈ ਪਹਿਲਾਂ ਰਜਿਸਟ੍ਰੇਸ਼ਨ ਜ਼ਰੂਰ ਕਰਵਾਓ ।

ਇਸ ਤਰਾਂ ਕਰਵਾਓ ਬੱਚਿਆਂ ਦੀ ਰਜਿਸਟ੍ਰੇਸ਼ਨ

ਸਾਰੇ ਸੰਭਾਵੀ ਲਾਭਪਾਤਰੀ ਬੱਚਿਆਂ ਨੂੰ 1 ਜਨਵਰੀ, 2022 ਤੋਂ Co-WIN ਪੋਰਟਲ ‘ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ। ਇਸ ਤੋਂ ਇਲਾਵਾ 3 ਜਨਵਰੀ, 2022 ਤੋਂ ਤੁਸੀਂ ਟੀਕਾਕਰਨ ਕੇਂਦਰ ‘ਤੇ ਜਾ ਕੇ ਵੀ ਸਿੱਧੇ ਤੌਰ ‘ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ ਫਿਲਹਾਲ ਸਿਰਫ ਸਾਲ 2007 ਜਾਂ ਉਸ ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ਨੂੰ ਹੀ ਕੋਰੋਨਾ ਵੈਕਸੀਨ ਦਿੱਤੀ ਜਾਵੇਗੀ। ਇਹ ਵੈਕਸੀਨ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਹੀਂ ਦਿੱਤੀ ਜਾਵੇਗੀ।

ਵੈਕਸੀਨ ਲਗਾਓ ਤਾਂ ਇਨ੍ਹਾਂ ਪ੍ਰੋਟੋਕਾਲਜ਼ ਦੀ ਕਰੋ ਪਾਲਣਾ

ਕੇਂਦਰ ਸਰਕਾਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 15-18 ਉਮਰ ਵਰਗ ਦੇ ਵੈਕਸੀਨੇਸ਼ਨ ਲਈ ਨਿਰਧਾਰਤ ਸਾਰੇ ਪ੍ਰੋਟੋਕਾਲ ਦੀ ਪਾਲਣਾ ਕਰਨੀ ਪਵੇਗੀ। ਟੀਕਾਕਰਨ ਦਾ ਅਸਰ ਦੇਖਣ ਲਈ ਲਾਭਪਾਤਰੀਆਂ ਨੂੰ ਅੱਧੇ ਘੰਟੇ ਤਕ ਨਿਗਰਾਨੀ ‘ਚ ਰੱਖਿਆ ਜਾਵੇਗਾ ਤੇ 28 ਦਿਨਾਂ ਬਾਅਦ ਹੀ ਵੈਕਸੀਨ ਦੀ ਦੂਸਰੀ ਖੁਰਾਕ ਲੱਗੇਗੀ।

Exit mobile version