ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੇ ਰੇਤੇ ਦੀ ਮਾਈਨਿੰਗ ਬਦਲੇ 10 ਕਰੋੜ ਰੁਪਏ ਨਕਦ ਵਸੂਲਣ ਦਾ ਗੁਨਾਹ ਕਬੂਲ ਕਰ ਲਿਆ ਹੈ। ਜਿਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਸਿਆ ਕਿ ਹਨੀ ਨੇ ਰੇਤ ਦੀ ਮਾਈਨਿੰਗ ਨੂੰ ਸੁਵਿਧਾਜਨਕ ਬਣਾਉਣ ਅਤੇ ਅਧਿਕਾਰੀਆਂ ਦੇ ਟਰਾਂਸਫਰ ਦੇ ਬਦਲੇ ਵਿੱਚ 10 ਕਰੋੜ ਰੁਪਏ ਨਕਦ ਵੱਟੇ ਹਨ।
ਪੰਜਾਬ ਵਿੱਚ ਰੇਤ ਮਾਈਨਿੰਗ ਵਿੱਚ ਮਨੀ ਲਾਂਡ੍ਰਿੰਗ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਈਡੀ ਨੇ ਭੁਪਿੰਦਰ ਸਿੰਘ ਹਨੀ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਸੀ। ਦੱਸ ਦੇਈਏ ਕਿ ਭੁਪਿੰਦਰ ਸਿੰਘ ਮੰਗਲਵਾਰ ਤੱਕ ED ਦੀ ਹਿਰਾਸਤ ਵਿਚ ਹੈ। ਇਸ ਮਾਮਲੇ ਵਿੱਚ ਦਰਜ ਐੱਫਆਈਆਰ ਮੁਤਾਬਕ ਈਡੀ ਨੇ ਕਿਹਾ ਕਿ ਪੰਜਾਬ ਵਿੱਚ ਮਲਿਕਪੁਰ ਤੋਂ ਇਲਾਵਾ ਬੁਰਜਤਹਲ ਦਾਸ, ਬਰਸਲ, ਲਾਲੇਵਾਲ, ਮੰਡਲਾ ਤੇ ਖੋਸਾ ਵਿਚ ਵੀ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ।
ਗੌਰਤਲਬ ਹੈ ਕਿ ਈਡੀ ਨੇ 18 ਜਨਵਰੀ ਨੂੰ ਭੁਪਿੰਦਰ ਸਿੰਘ ਹਨੀ ਦੇ ਟਿਕਾਣਿਆਂ ‘ਤੇ ਛਾਪਾ ਮਾਰਿਆ ਸੀ ਤੇ 10 ਕਰੋੜ ਰੁਪਏ ਨਕਦ ਬਰਾਮਦ ਕੀਤੇ ਸਨ, ਜਿਨ੍ਹਾਂ ਵਿਚੋਂ 8 ਕਰੋੜ ਰੁਪਏ ਹਨੀ ਦੇ ਮੋਹਾਲੀ ਸਥਿਤ ਘਰ ਵਿਚੋਂ ਤੇ 2 ਕਰੋੜ ਰੁਪਏ ਉਸ ਦੇ ਪਾਰਟਨਰ ਸੰਦੀਪ ਕੁਮਾਰ ਦੇ ਲੁਧਿਆਣਾ ਸਥਿਤ ਟਿਕਾਣੇ ਤੋਂ ਬਰਾਮਦ ਕੀਤੇ ਗਏ ਸਨ। ਤਲਾਸ਼ੀ ਦੌਰਾਨ ਕੁਦਰਤਦੀਪ ਸਿੰਘ, ਭੁਪਿੰਦਰ ਸਿੰਘ, ਹਨੀ ਦੇ ਪਿਤਾ ਸੰਤੋਖ ਸਿੰਘ ਤੇ ਸੰਦੀਪ ਕੁਮਾਰ ਦੇ ਬਿਆਨ ਦਰਜ ਕੀਤੇ ਗਏ ਹਨ। ਭੁਪਿੰਦਰ ਸਿੰਘ ਨੇ ਕਬੂਲ ਕੀਤਾ ਕਿ ਉਸ ਨੂੰ ਰੇਤ ਮਾਈਨਿੰਗ ਦੇ ਕੰਮ ਨੂੰ ਆਸਾਨ ਬਣਾਉਣ ਅਤੇ ਅਧਿਕਾਰੀਆਂ ਦੇ ਟਰਾਂਸਫਰ ਕਰਵਾਉਣ ਲਈ ਜੋ ਰਕਮ ਨਕਦ ਲਈ ਸੀ, ਜ਼ਬਤ ਕੀਤੀ ਗਈ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਹਨੀ ਤੇ ਉਸ ਦੇ ਸਾਥੀਆਂ ਦੀ ਇੱਕ ਫਰਮ ਓਵਰਸੀਜ਼ ਕੰਸਲਟੈਂਟਸ ਪ੍ਰਾਈਵੇਟ ਲਿਮ. ਵੀ ਹੈ ਜਿਸ ਦੀ ਸਾਲ 2019-20 ਦੌਰਾਨ ਟਰਨਓਵਰ 18 ਲੱਖ ਰੁਪਏ ਦਰਜ਼ ਕੀਤੀ ਗਈ ਪਰ ਇਸ ਦੇ ਬਾਵਜੂਦ ਬਰਾਮਦ ਰਕਮ ਕਰੋੜਾਂ ਵਿਚ ਪਹੁੰਚ ਗਈ।