Friday, November 15, 2024
HomeNationalਦੁਬਈ ‘ਚ ਤੂਫਾਨ ਕਾਰਨ ਵਿਗੜੇ ਹਾਲਾਤ, ਭਾਰਤੀ ਦੂਤਾਵਾਸ ਵੱਲੋਂ ਹੈਲਪਲਾਈਨ ਨੰਬਰ ਜਾਰੀ

ਦੁਬਈ ‘ਚ ਤੂਫਾਨ ਕਾਰਨ ਵਿਗੜੇ ਹਾਲਾਤ, ਭਾਰਤੀ ਦੂਤਾਵਾਸ ਵੱਲੋਂ ਹੈਲਪਲਾਈਨ ਨੰਬਰ ਜਾਰੀ

ਪੱਤਰ ਪ੍ਰੇਰਕ : ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਓਮਾਨ ਵਿੱਚ ਤੂਫਾਨ ਅਤੇ ਮੀਂਹ ਤੋਂ ਬਾਅਦ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ। ਪੂਰੇ ਸ਼ਹਿਰ ਵਿੱਚ ਪਾਣੀ ਭਰ ਜਾਣ ਕਾਰਨ ਆਵਾਜਾਈ ਠੱਪ ਹੋ ਗਈ ਅਤੇ ਲੋਕ ਘਰਾਂ ਵਿੱਚ ਹੀ ਫਸ ਗਏ ਹਨ। ਦੁਬਈ ਅਤੇ ਦਿੱਲੀ ਤੋਂ ਆਉਣ-ਜਾਣ ਵਾਲੀਆਂ ਘੱਟੋ-ਘੱਟ 19 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ, ਦੁਬਈ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਦੁਬਈ ਅਤੇ ਉੱਤਰੀ ਅਮੀਰਾਤ ਵਿੱਚ ਰਹਿ ਰਹੇ ਭਾਰਤੀਆਂ ਲਈ ਹੈਲਪਲਾਈਨ ਨੰਬਰ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਐਡਵਾਈਜ਼ਰੀ ‘ਚ ਭਾਰਤੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਨੂੰ ਮੀਂਹ ਅਤੇ ਤੂਫਾਨ ਤੋਂ ਬਚਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਹਨ। ਓਮਾਨ ਵਿੱਚ ਵੀ ਹੜ੍ਹ ਕਾਰਨ 20 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੁਬਈ ‘ਚ ਖਰਾਬ ਮੌਸਮ ਕਾਰਨ ਭਾਰਤ ਆਉਣ ਵਾਲੀਆਂ 28 ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਸੂਬਿਆਂ ਵਿਚ ਐਮਰਜੈਂਸੀ ਲਗਾਉਣੀ ਪਈ। ਮੀਡੀਆ ਰਿਪੋਰਟਾਂ ਮੁਤਾਬਕ ਦੁਬਈ ‘ਚ ਪਿਛਲੇ 24 ਘੰਟਿਆਂ ‘ਚ ਕਰੀਬ 15.2 ਸੈਂਟੀਮੀਟਰ ਮੀਂਹ ਪਿਆ ਹੈ। ਮੰਗਲਵਾਰ ਨੂੰ ਇੱਥੇ 10 ਇੰਚ ਤੋਂ ਜ਼ਿਆਦਾ ਮੀਂਹ ਪਿਆ। ਬੁੱਧਵਾਰ ਨੂੰ, ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ 300 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।

ਏਅਰਪੋਰਟ ਅਥਾਰਟੀ ਨੇ ਲੋਕਾਂ ਨੂੰ ਉੱਥੇ ਨਾ ਆਉਣ ਦੀ ਸਲਾਹ ਦਿੱਤੀ ਹੈ। ਦੂਜੇ ਪਾਸੇ ਓਮਾਨ ਵਿੱਚ ਮੀਂਹ ਕਾਰਨ 1400 ਲੋਕਾਂ ਨੂੰ ਪਨਾਹ ਲਈ ਭੇਜਿਆ ਗਿਆ ਹੈ। ਸਕੂਲ ਅਤੇ ਸਰਕਾਰੀ ਦਫ਼ਤਰ ਬੰਦ ਕਰ ਦਿੱਤੇ ਗਏ ਹਨ। ਖਾੜੀ ਦੇਸ਼ਾਂ ਵਿੱਚ ਬਦਲਦੇ ਮੌਸਮ ਦਾ ਮੁੱਖ ਕਾਰਨ ਦੱਖਣ-ਪੱਛਮ ਤੋਂ ਘੱਟ ਦਬਾਅ ਦਾ ਬਣਨਾ ਹੈ। ਰਾਸ਼ਟਰੀ ਮੌਸਮ ਵਿਗਿਆਨ ਕੇਂਦਰ (ਐਨਸੀਐਮ) ਨੇ 2 ਦਿਨ ਪਹਿਲਾਂ ਯੂਏਈ, ਸਾਊਦੀ ਅਰਬ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਮੌਸਮ ਵਿਭਾਗ ਨੇ ਇਸ ਦੌਰਾਨ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਵੀ ਭਵਿੱਖਬਾਣੀ ਕੀਤੀ ਸੀ। ਯੂਏਈ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਦੇ ਮਾਹਿਰ ਅਹਿਮਦ ਹਬੀਬ ਨੇ ਕਿਹਾ ਕਿ ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਵਿੱਚ ਮੀਂਹ ਦੇ ਨਾਲ ਗੜੇ ਵੀ ਪੈ ਸਕਦੇ ਹਨ।

ਦੂਜੇ ਪਾਸੇ ਪਾਕਿਸਤਾਨ, ਅਫਗਾਨਿਸਤਾਨ ਅਤੇ ਕਈ ਖਾੜੀ ਦੇਸ਼ਾਂ ‘ਚ ਪਿਛਲੇ 4 ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਹਾਲਾਤ ਖਰਾਬ ਹੋ ਗਏ ਹਨ। ਪਾਕਿਸਤਾਨ ਅਤੇ ਅਫਗਾਨਿਸਤਾਨ ‘ਚ ਮੀਂਹ ਕਾਰਨ ਆਏ ਹੜ੍ਹ ‘ਚ ਹੁਣ ਤੱਕ 135 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 70 ਲੋਕਾਂ ਦੀ ਮੌਤ ਅਫਗਾਨਿਸਤਾਨ ਵਿੱਚ ਅਤੇ 65 ਪਾਕਿਸਤਾਨ ਵਿੱਚ ਹੋਈ ਹੈ। ਪਾਕਿਸਤਾਨ ਦੇ ਮੌਸਮ ਵਿਭਾਗ ਨੇ 22 ਅਪ੍ਰੈਲ ਤੱਕ ਪੂਰੇ ਦੇਸ਼ ‘ਚ ਭਾਰੀ ਮੀਂਹ ਅਤੇ ਗੜੇਮਾਰੀ ਦਾ ਅਲਰਟ ਜਾਰੀ ਕੀਤਾ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments