ਜਲੰਧਰ (ਸਾਹਿਬ): ਸ਼ਰਾਬ ਠੇਕੇਦਾਰ ਦੇ ਕਰਮਚਾਰੀਆਂ ਨੇ ਨਿਹੰਗਾਂ ਨੂੰ ਸ਼ਰਦਈ ਵੇਚਣ ਤੋਂ ਰੋਕਿਆ ਤਾਂ ਸ਼ੁੱਕਰਵਾਰ ਨੂੰ ਨਿਹੰਗਾਂ ਨੇ ਤਾਜ ਮਾਰਕੀਟ ‘ਚ ਹੰਗਾਮਾ ਕੀਤਾ। ਨਿਹੰਗ ਮਾਰਕੀਟ ‘ਚ ਸ਼ਰਾਬ ਦੇ ਠੇਕਿਆਂ ਦਾ ਵਿਰੋਧ ਕਰਨ ਲੱਗੇ। ਉਨ੍ਹਾਂ ਦੋਸ਼ ਲਾਇਆ ਕਿ ਸ਼ਰਾਬ ਠੇਕੇਦਾਰ ਜਨਤਕ ਸਥਾਨਾਂ ‘ਤੇ ਟੇਬਲ ਲਾ ਕੇ ਲੋਕਾਂ ਨੂੰ ਸ਼ਰਾਬ ਪਿਲਾਉਂਦਾ ਹੈ ਤੇ ਨਸ਼ੇ ‘ਚ ਉਹ ਮੈਡੀਕਲ ਕਾਲਜ ਦੀਆਂ ਕੁੜੀਆਂ ਨਾਲ ਛੇੜਛਾੜ ਕਰਦੇ ਹਨ।
ਹੰਗਾਮੇ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਮੌਕੇ ‘ਤੇ ਪੁੱਜੀ ਪਰ ਨਿਹੰਗਾਂ ਦੇ ਸਾਹਮਣੇ ਬੇਬੱਸ ਨਜ਼ਰ ਆਈ। ਨਿਹੰਗਾਂ ਨੇ ਠੇਕੇ ਦੇ ਇਕ ਪਾਸੇ ਦਾ ਰਸਤਾ ਬੰਦ ਕਰ ਦਿੱਤਾ ਤੇ ਪੱਕਾ ਧਰਨਾ ਲਾ ਦਿੱਤਾ। ਵਿਰੋਧ ਕਰਦੇ ਹੋਏ ਨਿਹੰਗ ਹਵਾ ‘ਚ ਹਥਿਆਰ ਲਹਿਰਾਉਂਦੇ ਰਹੇ।ਛੋਟੀ ਬਾਰਾਦਰੀ ਦੀ ਤਾਜ ਮਾਰਕੀਟ ‘ਚ ਕਰੀਬ 2 ਘੰਟੇ ਤੱਕ ਚੱਲੇ ਡਰਾਮੇ ‘ਚ ਨਿਹੰਗਾਂ ਦੇ ਸਾਹਮਣੇ ਸਾਰੇ ਚੁੱਪ ਨਜ਼ਰ ਆਏ।
ਮੌਕੇ ‘ਤੇ ਪੁੱਜੇ ਸਬ ਇੰਸਪੈਕਟਰ ਪਵਿੱਤਰ ਸਿੰਘ ਬਚਾਅ ਕਰਦੇ ਰਹੇ ਤੇ ਨਿਹੰਗਾਂ ਨੂੰ ਖੁੱਲ੍ਹੇਆਮ ਹਥਿਆਰ ਲਹਿਰਾਉਣ ਤੋਂ ਵੀ ਨਾ ਰੋਕ ਸਕੇ। ਓਧਰ, ਸ਼ਰਾਬ ਠੇਕੇਦਾਰ ਦੇ ਕਰਮਚਾਰੀ ਗੱਲ ਕਰਨ ਤੋਂ ਕਤਰਾਉਂਦੇ ਰਹੇ। ਨਿਹੰਗਾਂ ਨੇ ਠੇਕੇ ਦੇ ਇਕ ਪਾਸੇ ਦਾ ਰਸਤਾ ਬੰਦ ਕਰ ਦਿੱਤਾ ਤੇ ਇਕ ਸ਼ਟਰ ਖੋਲਣ ਤੋਂ ਮਨ੍ਹਾਂ ਕਰ ਦਿੱਤਾ। ਬਾਬਾ ਬੁੱਢਾ ਦਲ ਦੇ ਜਗੀਰਾ ਸਿੰਘ ਆਕਾਲੀ ਨੇ ਕਿਹਾ ਜੇ ਠੇਕੇਦਾਰ ਨੇ ਜਨਤਕ ਰਸਤੇ ‘ਤੇ ਲੱਗਾ ਸ਼ਟਰ ਖੋਲਿਆ ਤਾਂ ਅੰਜਾਮ ਬੁਰਾ ਹੋਵੇਗਾ।
ਦੱਸ ਦੇਈਏ ਕਿ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਪਿਮਸ) ਦੇ ਕੋਲ ਤਾਜ ਮਾਰਕੀਟ ਦੇ ਬਾਹਰ ਨਿਹੰਗ ਪਿਛਲੇ ਦੋ ਮਹੀਨਿਆਂ ਤੋਂ ਡੇਰਾ ਲਾਈ ਬੈਠੇ ਹਨ। ਇੱਥੇ ਨਿਹੰਗ ਸ਼ਰਦਈ ਵੇਚਦੇ ਹਨ। ਸ਼ਰਾਬ ਠੇਕੇਦਾਰਾਂ ਨੇ ਇਸ ‘ਤੇ ਇਤਰਾਜ਼ ਕੀਤਾ ਸੀ। ਇਤਰਾਜ਼ ਕਰਨ ‘ਤੇ ਨਿਹੰਗ ਭੜਕ ਗਏ ਤੇ ਸ਼ੁੱਕਰਵਾਰ ਨੂੰ ਰੱਜ ਕੇ ਹੰਗਾਮਾ ਕੀਤਾ।
ਓਥੇ ਹੀ ਐੱਸਆਈ ਪਵਿੱਤਰ ਸਿੰਘ ਨੇ ਕਿਹਾ ਕਿ ਮਾਮਲਾ ਸੁਲਝਾ ਲਿਆ ਹੈ ਤੇ ਸ਼ਰਾਬ ਠੇਕਾਦਾਰ ਨੂੰ ਆਪਣੇ ਦਾਇਰਾ ‘ਚ ਰਹਿ ਕੇ ਸ਼ਰਾਬ ਪਿਲਾਉਣ ਨੂੰ ਕਿਹਾ ਹੈ। ਨਿਹੰਗਾਂ ਨੇ ਦੋਸ਼ ਲਾਇਆ ਕਿ ਪੁਲਿਸ ਨਾਜਾਇਜ਼ ਕੰਮਾਂ ‘ਤੇ ਰੋਕ ਨਹੀਂ ਲਾਉਂਦੀ। ਇਸ ਕਰਕੇ ਉਹ ਹੁਣ ਠੇਕੇ ਦੇ ਸਾਹਮਣੇ ਪੱਕਾ ਧਰਨਾ ਲਾਉਣਗੇ।