ਮਾਸਕੋ (ਰਾਘਵ): ਰੂਸ ‘ਚ ਸ਼ੁੱਕਰਵਾਰ ਨੂੰ ਫੜੇ ਗਏ ਅੱਤਵਾਦੀਆਂ ਨੇ 8 ਸੁਰੱਖਿਆ ਕਰਮਚਾਰੀਆਂ ਅਤੇ ਚਾਰ ਕੈਦੀਆਂ ਨੂੰ ਬੰਧਕ ਬਣਾ ਲਿਆ ਅਤੇ ਜੇਲ ‘ਤੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) ਦਾ ਰਾਜ ਐਲਾਨ ਦਿੱਤਾ। ਇਸ ਕਾਰਨ ਜੇਲ੍ਹ ਵਿੱਚ ਕਈ ਘੰਟੇ ਹਫੜਾ-ਦਫੜੀ ਮੱਚ ਗਈ। ਆਖਰਕਾਰ, ਰੂਸੀ ਨੈਸ਼ਨਲ ਗਾਰਡ ਦੇ ਨਿਸ਼ਾਨੇਬਾਜ਼ਾਂ ਨੇ ਬੰਧਕ ਬਣਾਉਣ ਵਾਲੇ ਚਾਰ ਅੱਤਵਾਦੀਆਂ ਨੂੰ ਮਾਰ ਕੇ ਸਥਿਤੀ ਨੂੰ ਕਾਬੂ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰੂਸ ਦੀ ਰਾਜਧਾਨੀ ਮਾਸਕੋ ਤੋਂ ਕਰੀਬ 860 ਕਿਲੋਮੀਟਰ ਦੂਰ ਸਥਿਤ ਸੂਰੋਵਕੀਨੋ ਦੀ ਜੇਲ੍ਹ ਵਿੱਚ ਸ਼ੁੱਕਰਵਾਰ ਸਵੇਰੇ ਅਚਾਨਕ ਹੀ ਤੇਜ਼ਧਾਰ ਹਥਿਆਰਾਂ ਨਾਲ ਸੁਰੱਖਿਆ ਮੁਲਾਜ਼ਮਾਂ ‘ਤੇ ਹਮਲੇ ਸ਼ੁਰੂ ਹੋ ਗਏ। ਇਨ੍ਹਾਂ ਹਮਲਿਆਂ ‘ਚ ਜ਼ਖਮੀ ਹੋਏ ਚਾਰ ਸੁਰੱਖਿਆ ਕਰਮਚਾਰੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਦੱਸਿਆ ਗਿਆ ਹੈ ਕਿ ਜੇਲ੍ਹ ਵਿੱਚ ਕੁਝ ਕੈਦੀਆਂ ਨੇ ਤੇਜ਼ਧਾਰ ਹਥਿਆਰਾਂ ਅਤੇ ਹਥੌੜਿਆਂ ਦਾ ਇੰਤਜ਼ਾਮ ਕੀਤਾ ਹੋਇਆ ਸੀ। ਇਸ ਤੋਂ ਬਾਅਦ ਮੌਕਾ ਦੇਖ ਕੇ ਸੁਰੱਖਿਆ ਕਰਮੀਆਂ ‘ਤੇ ਹਮਲਾ ਕਰ ਕੇ ਚਾਰਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸੁਰੱਖਿਆ ਕਰਮੀਆਂ ਦੇ ਹਥਿਆਰਾਂ ‘ਤੇ ਕਬਜ਼ਾ ਕਰ ਲਿਆ ਅਤੇ ਬਾਕੀ ਸੁਰੱਖਿਆ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ ਅਤੇ ਜੇਲ੍ਹ ‘ਤੇ ਕਬਜ਼ਾ ਕਰ ਲਿਆ। ਸੁਰੱਖਿਆ ਕਰਮੀਆਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਬੰਧਕ ਬਣਾਉਣ ਵਾਲੇ ਕੈਦੀ ਆਈਐਸ ਦੇ ਮੈਂਬਰ ਸਨ। ਇਨ੍ਹਾਂ ਕੈਦੀਆਂ ਨੂੰ ਅਤਿਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਜੇਲ੍ਹ ਵਿੱਚ ਰੱਖਿਆ ਗਿਆ ਸੀ। ਕਈ ਘੰਟਿਆਂ ਦੀ ਹਫੜਾ-ਦਫੜੀ ਤੋਂ ਬਾਅਦ ਨੈਸ਼ਨਲ ਗਾਰਡ ਦੇ ਕਮਾਂਡੋ ਜੇਲ ਕੰਪਲੈਕਸ ਵਿਚ ਪਹੁੰਚੇ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਬੈਠੇ ਕੈਦੀਆਂ ‘ਤੇ ਗੋਲੀਆਂ ਚਲਾ ਕੇ ਸੰਕਟ ਨੂੰ ਖਤਮ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਕੈਦੀ ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਸਨ।