ਨਵੀਂ ਦਿੱਲੀ: ਦਿੱਲੀ ਭਾਜਪਾ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਨੇ ਪਾਰਟੀ ਦੇ ਸਿੱਖ ਵਿੰਗ ਦੇ ਵਰਕਰਾਂ ਨਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ। ਬੱਗਾ ਨੂੰ ਸਮਰਥਨ ਦੇਣ ਲਈ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ, ਬੁਲਾਰੇ ਆਰਪੀ ਸਿੰਘ ਅਤੇ ਸੀਨੀਅਰ ਆਗੂ ਮਜਿੰਦਰ ਸਿੰਘ ਸਿਰਸਾ ਵੀ ਸ਼ਾਮਲ ਹੋਏ। ਇਸ ਦੌਰਾਨ ਆਰ.ਪੀ.ਸਿੰਘ ਨੇ ਕਿਹਾ ਕਿ ਬੀਤੇ ਦਿਨ ਜਿਸ ਤਰ੍ਹਾਂ ਤੇਜਿੰਦਰ ਬੱਗਾ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰਕੇ ਕੁੱਟਮਾਰ ਕੀਤੀ ਹੈ, ਉਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਅਸੀਂ ਮੰਗ ਕਰਦੇ ਹਾਂ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗਣ।
ਦੱਸ ਦੇਈਏ ਕਿ ਬੀਤੇ ਦਿਨ ਪੰਜਾਬ ਪੁਲਿਸ ਨੇ ਬੱਗਾ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਦਿੱਲੀ ਅਤੇ ਹਰਿਆਣਾ ਪੁਲਿਸ ਅਤੇ ਪੰਜਾਬ ਪੁਲਿਸ ਆਹਮੋ-ਸਾਹਮਣੇ ਹੋ ਗਏ ਸਨ। ਇੰਨਾ ਹੀ ਨਹੀਂ ਪੰਜਾਬ ਸਰਕਾਰ ਨੇ ਹਰਿਆਣਾ ਪੁਲਿਸ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੱਕ ਵੀ ਪਹੁੰਚ ਕੀਤੀ ਸੀ। ਦਰਅਸਲ ਹਾਈਕੋਰਟ ਨੇ ਸਰਕਾਰ ਦੀ ਉਸ ਅਪੀਲ ਨੂੰ ਠੁਕਰਾ ਦਿੱਤਾ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਬੱਗਾ ਨੂੰ ਹਰਿਆਣਾ ‘ਚ ਹੀ ਰੋਕਿਆ ਜਾਵੇ, ਦਿੱਲੀ ਪੁਲਸ ਉਸ ਨਾਲ ਦਿੱਲੀ ਦੀ ਸਰਹੱਦ ਪਾਰ ਨਹੀਂ ਕਰ ਸਕਦੀ ਸੀ ਪਰ ਹਾਈਕੋਰਟ ਨੇ ਪੰਜਾਬ ਸਰਕਾਰ ਦੇ ਕਾਨੂੰਨੀ ਅਧਿਕਾਰੀਆਂ ਨੂੰ ਇਹ ਮਨਜ਼ੂਰੀ ਦੇ ਦਿੱਤੀ ਹੈ।