ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀ ਪ੍ਰਮੁੱਖ ਸਹਿਕਾਰੀ ਸੰਸਥਾ ਮਾਰਕਫੈੱਡ ਨੂੰ ਨਾ ਸਿਰਫ਼ ਸੂਬੇ ਵਿੱਚ ਸਗੋਂ ਘਰੇਲੂ ਅਤੇ ਵਿਦੇਸ਼ੀ ਮੰਡੀਆਂ ਵਿੱਚ ਖਪਤਕਾਰਾਂ ਦੇ ਇੱਕ ਵੱਡੇ ਵਰਗ ਨੂੰ ਮਿਆਰੀ ਉਤਪਾਦ ਉਪਲਬਧ ਕਰਵਾਉਣ ਲਈ ਬਹੁ-ਪੱਖੀ ਮਾਰਕੀਟਿੰਗ ਮੁਹਿੰਮ ਸ਼ੁਰੂ ਕਰਨ ਲਈ ਆਖਿਆ ਹੈ।
ਸੋਮਵਾਰ ਨੂੰ ਇੱਥੇ ਪੰਜਾਬ ਸਿਵਲ ਸਕੱਤਰੇਤ-1 ਸਥਿਤ ਆਪਣੇ ਦਫ਼ਤਰ ਵਿਖੇ ਮਾਰਕਫੈੱਡ ਦਾ ਕੈਲੰਡਰ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਮਾਰਕਫੈੱਡ ਵੱਲੋਂ ਪਹਿਲਾਂ ਹੀ ਤਿਆਰ ਕੀਤੇ ਜਾਂ ਪੇਸ਼ ਕੀਤੇ ਜਾ ਰਹੇ ਉਤਪਾਦਾਂ ਦੀ ਪਛਾਣ ਕਰਨ ਲਈ ਹੋਰ ਸੰਭਾਵਨਾਵਾਂ ਤਲਾਸ਼ਣ। ਭਗਵੰਤ ਮਾਨ ਨੇ ਕਿਹਾ ਕਿ ‘ਸੋਹਣਾ’, ਇਕ ਘਰੇਲੂ ਨਾਮ ਬ੍ਰਾਂਡ ਜਿਸ ਨੇ ਲੱਖਾਂ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ, ਦੇ ਵਧਣ ਦੀ ਬਹੁਤ ਸੰਭਾਵਨਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਘਿਓ, ਰਿਫਾਇੰਡ ਆਇਲ, ਚਟਨੀ, ਬਾਸਮਤੀ ਚਾਵਲ ਅਤੇ ਹੋਰ ਉਤਪਾਦਾਂ ਦੇ ਨਾਲ ਮਾਰਕਫੈੱਡ ਨੇ ਮਾਰਕੀਟ ਵਿੱਚ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਪ੍ਰਮੁੱਖ ਮਾਲਾਂ, ਸਟੋਰਾਂ, ਆਉਟਲੈਟਾਂ ਅਤੇ ਮੈਗਾ ਬਾਜ਼ਾਰਾਂ ਵਿੱਚ ਆਪਣੇ ਪ੍ਰਮੁੱਖ ਉਤਪਾਦਾਂ ਦੀ ਵਿਕਰੀ ਵਧਾਉਣ ਦੇ ਨਾਲ-ਨਾਲ ਨਿਰਯਾਤ ਦੇ ਮੌਕਿਆਂ ਦਾ ਪਤਾ ਲਗਾਉਣ ਲਈ ਇੱਕ ਕੁਸ਼ਲ ਮਾਰਕੀਟਿੰਗ ਨੈਟਵਰਕ ਵਿਕਸਤ ਕਰਨ ਦੀ ਲੋੜ ਹੈ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਵਿਕਰੀ ਵਿੱਚ ਚੋਖਾ ਵਾਧਾ ਕਰਨ ਲਈ ਢੁਕਵੇਂ ਇਸ਼ਤਿਹਾਰ-ਕਮ-ਮਾਰਕੀਟਿੰਗ ਮੁਹਿੰਮ ਰਾਹੀਂ ਆਪਣੇ ਉਤਪਾਦਾਂ ਦੇ ਮੰਡੀਕਰਨ ਲਈ ਸਮਾਂਬੱਧ ਕਾਰਜ ਯੋਜਨਾ ਤਿਆਰ ਕਰਨ ਲਈ ਆਖਿਆ। ਭਗਵੰਤ ਮਾਨ ਨੇ ਕਿਹਾ ਕਿ ਮਾਰਕਫੈੱਡ ਦੀ ਮੰਡੀਕਰਨ ਟੀਮ ਨੂੰ ਸਹਿਕਾਰੀ ਸਭਾਵਾਂ ਦੇ ਮਿਆਰੀ ਅਤੇ ਸਮੇਂ ਦੇ ਆਧਾਰ ‘ਤੇ ਉਤਪਾਦਾਂ ਦੀ ਵਿਕਰੀ ਨੂੰ ਸਿਖਰਾਂ ‘ਤੇ ਲਿਜਾਣ ਦੀ ਲੋੜ ਹੈ। ਇਸ ਮੌਕੇ ਨਵੇਂ ਸਾਲ ਦਾ ਕੈਲੰਡਰ ਜਾਰੀ ਕਰਦਿਆਂ ਉਨ੍ਹਾਂ ਮਾਰਕਫੈੱਡ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਉਤਸ਼ਾਹ ਨਾਲ ਆਪਣੀਆਂ ਸੇਵਾਵਾਂ ਜਾਰੀ ਰੱਖਣ ਲਈ ਕਿਹਾ।