ਚੰਡੀਗੜ੍ਹ: ਜਦੋਂ ਤੋਂ ਪੰਜਾਬ ਵਿੱਚ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ, ਉਦੋਂ ਤੋਂ ਹੀ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਉੱਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ‘ਤੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਵਾਲ ਚੁੱਕੇ ਹਨ। …ਉਨ੍ਹਾਂ ਟਵੀਟ ਕਰਕੇ ਲਿਖਿਆ, ਪੰਜਾਬ ‘ਚ ਸੱਤ ਦਿਨਾਂ ‘ਚ ਸੱਤ ਕਤਲ! ਸੀ.ਐਮ.ਭਗਵੰਤ ਮਾਨ ਸਾਹਿਬ, ਆਪਣੇ ਆਪ ਨੂੰ ਪੁੱਛੋ ਕਿ ਤੁਹਾਡੀ ਕਮਾਂਡ ਹੇਠ ਕੀ ਹੋ ਰਿਹਾ ਹੈ, ਜੇ ਤੁਸੀਂ ਸੱਚਮੁੱਚ ਕਮਾਂਡ ਵਿੱਚ ਹੋ? 29/5 ਨੂੰ ਮੂਸੇਵਾਲਾ, 30/5 ਨੂੰ ਪਟਿਆਲਾ ਪਿੰਡ ਵਿੱਚ ਦੋਹਰੇ ਕਤਲ, 1,2,3 ਅਤੇ 4 ਜੂਨ ਨੂੰ ਅੰਮ੍ਰਿਤਸਰ, ਮੋਰਿੰਡਾ, ਮੋਗਾ ਅਤੇ ਮਜੀਠਾ ਵਿੱਚ 4 ਵਿਅਕਤੀਆਂ ਦਾ ਕਤਲ।
ਮੂਸੇਵਾਲਾ ਕਤਲ ਕੇਸ ਵਿੱਚ 8 ਹਮਲਾਵਰਾਂ ਦੀ ਹੋਈ ਪਛਾਣ
ਜਾਣਕਾਰੀ ਲਈ ਦੱਸ ਦੇਈਏ ਕਿ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਹੁਣ ਤੱਕ ਮੂਸੇਵਾਲੇ ਦੇ ਕਤਲ ਵਿੱਚ ਸ਼ਾਮਲ ਅੱਠ ਹਮਲਾਵਰਾਂ ਦੀ ਪਛਾਣ ਕਰ ਚੁੱਕੀ ਹੈ। ਇਨ੍ਹਾਂ ਵਿੱਚੋਂ ਇੱਕ ਹਮਲਾਵਰ ਨੂੰ ਪੰਜਾਬ ਪੁਲੀਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਲਾਰੇਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਹਨ। ਫਿਲਹਾਲ 7 ਹਮਲਾਵਰ ਕਿਸੇ ਨਾ ਕਿਸੇ ਮਾਮਲੇ ‘ਚ ਫਰਾਰ ਹਨ। ਇਨ੍ਹਾਂ ‘ਚੋਂ 2 ਹਮਲਾਵਰ ਸੌਰਵ ਉਰਫ ਮਹਾਕਾਲ ਅਤੇ ਸੰਤੋਸ਼ ਜਾਧਵ ਪੁਣੇ, ਮਹਾਰਾਸ਼ਟਰ ਦੇ ਨਿਵਾਸੀ ਹਨ, ਜਦਕਿ 3 ਹਮਲਾਵਰ ਮਨਪ੍ਰੀਤ ਸਿੰਘ ਮੰਨੂ, ਜਗਰੂਪ ਸਿੰਘ ਰੂਪਾ ਅਤੇ ਹਰਕਮਲ ਉਰਫ ਰਾਣੂ ਪੰਜਾਬ ਦੇ ਰਹਿਣ ਵਾਲੇ ਹਨ। ਕਤਲ ਵਿੱਚ ਸ਼ਾਮਲ ਦੋ ਹਮਲਾਵਰ ਪ੍ਰਿਅਵ੍ਰਤਾ ਉਰਫ਼ ਫ਼ੌਜੀ ਅਤੇ ਮਨਜੀਤ ਉਰਫ਼ ਭੋਲੂ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਹਮਲਾਵਰਾਂ ਵਿੱਚੋਂ ਇੱਕ ਸੁਭਾਸ਼ ਬਨੋਦਾ ਰਾਜਸਥਾਨ ਦਾ ਰਹਿਣ ਵਾਲਾ ਹੈ।