ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਯੂਕਰੇਨ ਦੇ ਕਈ ਫੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਸ ਹਮਲੇ ਵਿੱਚ ਸੈਨਿਕਾਂ ਦੇ ਨਾਲ-ਨਾਲ ਆਮ ਨਾਗਰਿਕ ਵੀ ਮਾਰੇ ਜਾ ਰਹੇ ਹਨ। ਇਸ ਭਿਆਨਕ ਲੜਾਈ ਦੇ ਵਿਚਕਾਰ ਮਾਸਕੋ ਨੇ ਨਾਗਰਿਕਾਂ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ। ਰੂਸੀ ਫੌਜ ਉੱਥੇ ਫਸੇ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਸੁਰੱਖਿਅਤ ਰਸਤਾ ਮੁਹੱਈਆ ਕਰਵਾਏਗੀ। ਰੂਸੀ ਰੱਖਿਆ ਮੰਤਰਾਲੇ ਨੇ ਯੂਕਰੇਨ ਦੇ ਨਾਗਰਿਕਾਂ ਨੂੰ ਕੀਵ ਤੋਂ ਬਾਹਰ ਨਿਕਲਣ ਲਈ ਕਿਹਾ ਹੈ। ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਯੂਕਰੇਨ ਦੀ ਰਾਜਧਾਨੀ ਤੋਂ ਲਗਭਗ 20 ਕਿਲੋਮੀਟਰ ਦੱਖਣ-ਪੱਛਮ ਵਿਚ ਵਸਿਲਕੋਵ ਸ਼ਹਿਰ ਵੱਲ ਜਾਣ ਵਾਲੇ ਰਸਤੇ ਰਾਹੀਂ ਅਜਿਹਾ ਕਰ ਸਕਦੇ ਹਨ। ਦੱਸਿਆ ਗਿਆ ਹੈ ਕਿ ਇਹ ਸੜਕ ਖੁੱਲ੍ਹੀ ਅਤੇ ਸੁਰੱਖਿਅਤ ਹੈ।
ਕੀਵ ਵਿੱਚ ਫਸੇ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਅਪੀਲ
ਰੂਸੀ ਰੱਖਿਆ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਰੂਸੀ ਫ਼ੌਜ ਸਿਰਫ਼ ਫ਼ੌਜੀ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਏਗੀ। ਆਮ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਮਕਸਦ ਨਹੀਂ ਹੈ। ਕੀਵ ਤੋਂ ਸੁਰੱਖਿਅਤ ਬਾਹਰ ਨਿਕਲਣ ਤੋਂ ਬਾਅਦ, ਆਮ ਨਾਗਰਿਕਾਂ ਲਈ ਜੋਖਮ ਘੱਟ ਜਾਵੇਗਾ| ਅਜਿਹੀ ਗੱਲ ਉਦੋਂ ਸਾਹਮਣੇ ਆਈ ਹੈ ਜਦੋਂ ਯੂਕਰੇਨ ਅਤੇ ਰੂਸ ਦੇ ਵਫ਼ਦ ਬੇਲਾਰੂਸ ਵਿੱਚ ਸ਼ਾਂਤੀ ਵਾਰਤਾ ਸ਼ੁਰੂ ਕਰਨ ਜਾ ਰਹੇ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਇੱਕ ਜਨਤਕ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਗੱਲਬਾਤ ਲਈ ਘੱਟ ਉਮੀਦਾਂ ਹਨ। ਉਸ ਦਾ ਦੇਸ਼ ਆਤਮ ਸਮਰਪਣ ਕਰਨ ਦਾ ਇਰਾਦਾ ਨਹੀਂ ਰੱਖਦਾ।
ਰੂਸੀ ਫੌਜੀ ਲਗਾਤਾਰ ਯੂਕਰੇਨ ‘ਤੇ ਹਮਲੇ ਕਰ ਰਹੇ ਹਨ
ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ਐਤਵਾਰ ਨੂੰ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਰੂਸ ਅਤੇ ਯੂਕਰੇਨ ਦੇ ਵਿਚਕਾਰ ਯੁੱਧ ਦੇ ਦੌਰਾਨ ਸ਼ਹਿਰ ਨੂੰ ਰੂਸੀ ਫੌਜਾਂ ਨੇ ਪੂਰੀ ਤਰ੍ਹਾਂ ਘੇਰ ਲਿਆ ਸੀ, ਪਰ ਬਾਅਦ ਵਿੱਚ ਦਾਅਵੇ ਤੋਂ ਪਿੱਛੇ ਹਟ ਗਿਆ। ਤੁਹਾਨੂੰ ਦੱਸ ਦੇਈਏ ਕਿ ਰੂਸੀ ਫੌਜੀ ਲਗਾਤਾਰ ਯੂਕਰੇਨ ‘ਤੇ ਬੰਬਾਂ ਅਤੇ ਮਿਜ਼ਾਈਲਾਂ ਨਾਲ ਹਮਲਾ ਕਰ ਰਹੇ ਹਨ। ਰੂਸੀ ਸੈਨਿਕਾਂ ਨੇ ਕੀਵ, ਖਾਰਕਿਵ ਸਮੇਤ ਕਈ ਹੋਰ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਹੈ। ਯੂਕਰੇਨ ਦੇ ਕਈ ਫੌਜੀ ਠਿਕਾਣਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਹੀ ਨਹੀਂ ਯੂਕਰੇਨ ਨੇ ਰੂਸੀ ਲੜਾਕੂ ਜਹਾਜ਼ਾਂ ਅਤੇ ਟੈਂਕਾਂ ਨੂੰ ਤਬਾਹ ਕਰਨ ਅਤੇ ਸੈਨਿਕਾਂ ਨੂੰ ਮਾਰਨ ਦਾ ਦਾਅਵਾ ਵੀ ਕੀਤਾ ਹੈ।