ਇਸਲਾਮਾਬਾਦ (ਜਸਪ੍ਰੀਤ): ਚੀਨ ਨੇ ਹਮੇਸ਼ਾ ਅੱਤਵਾਦ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦਾ ਸਮਰਥਨ ਕੀਤਾ ਹੈ। ਚੀਨ ਨੇ ਹਮੇਸ਼ਾ ਪਾਕਿਸਤਾਨ ਨੂੰ ਹਥਿਆਰ ਵਜੋਂ ਵਰਤ ਕੇ ਆਪਣੇ ਨਾਪਾਕ ਮਨਸੂਬਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਾਕਿਸਤਾਨ ਵਿੱਚ ਵੱਡੀ ਗਿਣਤੀ ਵਿੱਚ ਚੀਨੀ ਨਾਗਰਿਕ ਮੌਜੂਦ ਹਨ। ਪਾਕਿਸਤਾਨ ਵਿੱਚ ਆਤਮਘਾਤੀ ਹਮਲੇ ਆਮ ਹਨ। ਇਨ੍ਹਾਂ ਹਮਲਿਆਂ ਵਿੱਚ ਹਰ ਰੋਜ਼ ਪਾਕਿਸਤਾਨ ਦੇ ਲੋਕ ਮਾਰੇ ਜਾਂਦੇ ਹਨ। ਪਰ, ਇਸ ਵਾਰ ਚੀਨੀ ਨਾਗਰਿਕ ਵੀ ਆਤਮਘਾਤੀ ਹਮਲੇ ਦੀ ਲਪੇਟ ਵਿੱਚ ਆ ਗਏ। ਐਤਵਾਰ ਰਾਤ ਨੂੰ ਹੋਏ ਆਤਮਘਾਤੀ ਹਮਲੇ ਵਿਚ ਦੋ ਚੀਨੀ ਇੰਜੀਨੀਅਰਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ 10 ਲੋਕ ਜ਼ਖਮੀ ਹੋਏ ਹਨ। ਬਲੋਚ ਲਿਬਰੇਸ਼ਨ ਆਰਮੀ ਦੇ ਮਜੀਦ ਬ੍ਰਿਗੇਡ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸ ਘਟਨਾ ਤੋਂ ਬਾਅਦ ਸ਼ੀ ਜਿਨਪਿੰਗ ਸਰਕਾਰ ਨੇ ਪਾਕਿਸਤਾਨ ਵਿੱਚ ਕੰਮ ਕਰ ਰਹੇ 400 ਚੀਨੀ ਨਾਗਰਿਕਾਂ ਨੂੰ ਦੇਸ਼ ਪਰਤਣ ਦਾ ਹੁਕਮ ਦਿੱਤਾ ਹੈ।
ਸਾਰੇ ਚੀਨੀ ਨਾਗਰਿਕ ਘਰ ਪਰਤ ਗਏ ਹਨ। ਬਲੋਚਿਸਤਾਨ ਤੋਂ ਤਕਰੀਬਨ 250 ਚੀਨੀ ਇੰਜੀਨੀਅਰ ਅਤੇ ਗਿਲਗਿਤ ਬਾਲਟਿਸਤਾਨ ਦੇ 150 ਇੰਜੀਨੀਅਰ ਕਰਾਚੀ ਅਤੇ ਇਸਲਾਮਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੀਨ ਲਈ ਰਵਾਨਾ ਹੋਏ ਹਨ। ਇਨ੍ਹਾਂ ਚੀਨੀ ਨਾਗਰਿਕਾਂ ਦੇ ਦੇਸ਼ ਪਰਤਣ ਤੋਂ ਬਾਅਦ ਸੀਪੀਈਸੀ ਦੇ ਬਲੋਚਿਸਤਾਨ ਖੇਤਰ ਸਮੇਤ 8 ਬਿਜਲੀ ਅਤੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ‘ਤੇ ਕੰਮ ਰੁਕ ਗਿਆ ਹੈ। ਇਸ ਦੌਰਾਨ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਚੀਨ ਨੇ ਗੁਲਾਮ ਕਸ਼ਮੀਰ ਵਿੱਚ ਆਪਣੀ ਫੌਜ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਹਾਲ ਹੀ ‘ਚ ਪਾਕਿਸਤਾਨੀ ਫੌਜ ਨੇ ਚੀਨੀ ਨਾਗਰਿਕਾਂ ਅਤੇ ਅਦਾਰਿਆਂ ਦੀ ਸੁਰੱਖਿਆ ਲਈ 45 ਅਰਬ ਰੁਪਏ ਦਾ ਬਜਟ ਰੱਖਿਆ ਹੈ। ਇਹ ਫੈਸਲਾ ਵੀਰਵਾਰ ਨੂੰ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਆਰਥਿਕ ਤਾਲਮੇਲ ਕਮੇਟੀ (ਈਸੀਸੀ) ਦੀ ਮੀਟਿੰਗ ਵਿੱਚ ਲਿਆ ਗਿਆ।
ਸ਼ਾਹਬਾਜ਼ ਸਰਕਾਰ ਮੁਤਾਬਕ 45 ਅਰਬ ਰੁਪਏ ‘ਚੋਂ 35.4 ਅਰਬ ਰੁਪਏ ਫੌਜ ਨੂੰ ਅਤੇ 9.5 ਅਰਬ ਰੁਪਏ ਜਲ ਸੈਨਾ ਨੂੰ ਵੱਖ-ਵੱਖ ਉਦੇਸ਼ਾਂ ਲਈ ਦਿੱਤੇ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਚੀਨ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਸੀਪੀਈਸੀ ਦੇ ਕਈ ਪ੍ਰੋਜੈਕਟਾਂ ਉੱਤੇ ਕੰਮ ਕਰ ਰਿਹਾ ਹੈ। ਚੀਨ ਇਸ ਖੇਤਰ ਵਿੱਚ 60 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਕਰ ਰਿਹਾ ਹੈ। ਇਹ ਪੂਰਾ ਇਲਾਕਾ ਗੈਸ ਅਤੇ ਖਣਿਜਾਂ ਨਾਲ ਭਰਿਆ ਹੋਇਆ ਹੈ, ਜਿਸ ‘ਤੇ ਚੀਨ ਦੀ ਨਜ਼ਰ ਹੈ। ਇਸ ਦੇ ਨਾਲ ਹੀ ਬਲੋਚ ਬਾਗੀ ਲਗਾਤਾਰ ਹਮਲਿਆਂ ਅਤੇ ਵਿਰੋਧ ਪ੍ਰਦਰਸ਼ਨਾਂ ਰਾਹੀਂ ਚੀਨ ਦੇ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਚੀਨ ਨੂੰ ਬਲੋਚਿਸਤਾਨ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ।