ਸ੍ਰੀ ਮੁਕਤਸਰ ਸਾਹਿਬ (ਰਾਘਵ): ਮਨਜ਼ੂਰੀ ਨਾ ਮਿਲਣ ਦੇ ਬਾਵਜੂਦ ਜਗਰਾਤਾ ਕਰਾਉਣ ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਦੇ ਹੋਏ ਅਸਿੱਧੇ ਤੌਰ ’ਤੇ ਸਿਆਸੀ ਪਾਰਟੀ ਨੂੰ ਸਪੋਰਟ ਕਰਦਾ ਹੋਇਆ ਭਜਨ ਗਾਉਣ ਕਾਰਨ ਦੋ ਭਾਜਪਾ ਆਗੂਆਂ ਸਮੇਤ ਕੁਝ ਹੋਰਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ (ਵ) ਕਮ-ਨੋਡਲ ਅਫਸਰ ਜ਼ਿਲ੍ਹਾ ਐਮਸੀਸੀ ਸ੍ਰੀ ਮੁਕਤਸਰ ਸਾਹਿਬ ਦੀ ਸ਼ਿਕਾਇਤ ’ਤੇ ਦਰਜ ਇਸ ਮਾਮਲੇ ਅਨੁਸਾਰ ਸੋਸ਼ਲ ਮੀਡੀਆ ਦੀ ਮੌਨੀਟਰਿੰਗ ਦੌਰਾਨ ਪਾਇਆ ਗਿਆ ਕਿ ਭਾਜਪਾ ਆਗੂ ਰਾਜ ਭਠੇਜਾ ਮੇਲੂ ਦੀ ਫੇਸਬੁੱਕ ਉਪਰ ਮਿਤੀ 30 ਮਈ 2024 ਨੂੰ ਸ਼ਾਮ ਸਮੇਂ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਏ ਜਗਰਾਤੇ ਦੀ ਵੀਡੀਓ ਅਪਲੋਡ ਕੀਤੀ ਗਈ ਜਿਸ ਵਿਚ 5 ਮਿੰਟ ਦੇ ਅੰਤਰਾਲ ’ਤੇ ‘ਜੋ ਰਾਮ ਕੋ ਲਾਏ ਹੈਂ, ਹਮ ਉਨਕੋ ਲਾਏਂਗੇਂ’ ਗਾਇਆ ਗਿਆ ਹੈ ਜੋ ਕਿ ਚੋਣ ਲੜ ਰਹੀਆਂ ਪਾਰਟੀਆਂ ‘ਚ ਕਿਸੇ ਵਿਸ਼ੇਸ਼ ਨੂੰ ਸਿਆਸੀ ਲਾਭ ਦੇਣ ਵਾਲਾ ਸਿੱਧ ਹੋ ਸਕਦਾ ਹੈ।
ਇਸਤੋਂ ਇਲਾਵਾ ਮਿਤੀ 30 ਮਈ 2024 ਨੂੰ ਸ਼ਾਮ 6 ਵਜੇ ਤੋਂ ਬਾਅਦ ਚੋਣ ਪ੍ਰਚਾਰ ਬੰਦ ਹੋ ਜਾਣ ਤੋਂ ਬਾਅਦ ਸਪੀਕਰ ਰਾਹੀਂ ਜਾਂ ਜਨਤਕ ਸਭਾ ਕਰ ਕੇ ਪ੍ਰਚਾਰ ਕਰਨਾ ਲੋਕ ਨੁਮਾਇੰਦਗੀ ਐਕਟ 1951 ਅਨੁਸਾਰ ਵਰਜਿਤ ਹੈ। ਸਮਾਗਮ ਦੀ ਮਨਜ਼ੂਰੀ ਹਿੱਤ ਇਕ ਦਰਖ਼ਾਸਤ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਨੂੰ ਦਿੱਤੀ ਗਈ ਸੀ ਜਿਸ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬ ਵੱਲੋਂ ਪਿੱਠ ਅੰਕਣ ਨੰਬਰ 4099-4102\ਐਮ.ਏ ਮਿਤੀ 30 ਮਈ 2024 ਰਾਹੀਂ ਮਨਜ਼ੂਰ ਨਹੀਂ ਕੀਤਾ ਗਿਆ ਸੀ।
ਜੋ ਇਹ ਸਮਾਗਮ ਭਾਰਤ ਭੂਸ਼ਨ ਉਰਫ ਬਿੰਟਾ ਪੁੱਤਰ ਜੋਤ ਰਾਮ ਬਾਂਸਲ ਵਾਸੀ ਪੁੱਡਾ ਕਾਲੋਨੀ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਅਤੇ ਕਮੇਟੀ ਦੇ ਹੋਰ ਨਾ ਮਾਲੂਮ ਵਿਅਕਤੀਆਂ ਵੱਲੋਂ ਕਰਵਾਇਆ ਗਿਆ ਸੀ ਜਿਸ ‘ਤੇ ਪੁਲਿਸ ਵੱਲੋਂ ਭਾਰਤ ਭੂਸ਼ਨ ਬਿੰਟਾ ਪੁੱਤਰ ਜੋਤ ਰਾਮ ਬਾਂਸਲ ਵਾਸੀ ਪੁੱਡਾ ਕਾਲੋਨੀ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ, ਰਾਜ ਭਠੇਜਾ ਮੇਲੂ ਪੁੱਤਰ ਅਮਰਨਾਥ ਵਾਸੀ ਮਲੋਟ ਰੋਡ ਨੇੜੇ ਹਾਂਡਾ ਏਜੰਸੀ ਸ੍ਰੀ ਮੁਕਤਸਰ ਸਾਹਿਬ ਤੇ ਬਾਕੀ ਧਾਰਮਿਕ ਸਮਾਗਮ ਕਰਵਾਉਣ ਵਾਲੇ ਕਮੇਟੀ ਦੇ ਹੋਰ ਨਾ ਮਾਲੂਮ ਵਿਅਕਤੀਆਂ ਦੇ ਖਿਲਾਫ਼ ਥਾਣਾ ਸਿਟੀ ਮੁਕਤਸਰ ਵਿਖੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।