ਓਨਟਾਰੀਓ (ਸਾਹਿਬ): ਆਉਣ ਵਾਲੇ ਸਾਲਾਂ ਵਿੱਚ ਕੈਨੇਡਾ ਡਿਫੈਂਸ ਉੱਤੇ ਕਈ ਬਿਲੀਅਨ ਡਾਲਰ ਖਰਚ ਕਰੇਗਾ। ਫੈਡਰਲ ਸਰਕਾਰ ਵੱਲੋਂ ਕਲਾਈਮੇਟ ਚੇਂਂਜ, ਤੇਜ਼ੀ ਨਾਲ ਵੱਧ ਰਹੇ ਕੌਮਾਂਤਰੀ ਮਤਭੇਦ ਤੇ ਆਰਕਟਿਕ ਵਿੱਚ ਪ੍ਰਭੂਸੱਤਾ ਨੂੰ ਲੈ ਕੇ ਪੈਦਾ ਹੋਏ ਸੰਕਟ ਨੂੰ ਅਹਿਮ ਚੁਣੌਤੀਆਂ ਦੱਸਿਆ ਗਿਆ ਤੇ ਆਖਿਆ ਗਿਆ ਕਿ ਇਨ੍ਹਾਂ ਨਾਲ ਪਹਿਲ ਦੇ ਅਧਾਰ ਉੱਤੇ ਨਜਿੱਠਣਾ ਬੇਹੱਦ ਜ਼ਰੂਰੀ ਹੈ।
- ਓਨਟਾਰੀਓ ਵਿੱਚ ਕੈਨੇਡੀਅਨ ਫੋਰਸਿਜ਼ ਬੇਸ ਟ੍ਰੈਂਟਨ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਐਲਾਨ ਕੀਤਾ ਕਿ ਅਗਲੇ ਪੰਜ ਸਾਲਾਂ ਵਿੱਚ ਇਸ ਸਬੰਧ ਵਿੱਚ ਫੈਡਰਲ ਸਰਕਾਰ ਵੱਲੋਂ ਇਨ੍ਹਾਂ ਖੇਤਰਾਂ ਉੱਤੇ 8 ਬਿਲੀਅਨ ਡਾਲਰ ਖਰਚ ਕੀਤੇ ਜਾਣ ਦੀ ਸੰਭਾਵਨਾ ਹੈ।ਇਸ ਤੋਂ ਇਲਾਵਾ ਅਗਲੇ ਦੋ ਦਹਾਕਿਆਂ ਵਿੱਚ ਸਰਕਾਰ ਨਵੇਂ ਇਕਿਊਪਮੈਂਟ ਤੇ ਇਨਫਰਾਸਟ੍ਰਕਚਰ, ਜਿਸ ਵਿੱਚ ਕੈਨੇਡੀਅਨ ਏਅਰ ਤੇ ਸਮੁੰਦਰੀ ਫਲੀਟ ਵੀ ਸ਼ਾਮਲ ਹੋਵੇਗਾ, ਕਮਿਊਨਿਕੇਸ਼ਨ ਤਕਨਾਲੋਜੀ ਤੇ ਮਿਲਟਰੀ ਕਰਮਚਾਰੀਆਂ ਲਈ ਸਰਵਿਸਿਜ਼ ਉੱਤੇ 73 ਬਿਲੀਅਨ ਡਾਲਰ ਖਰਚਣ ਦਾ ਟੀਚਾ ਮਿਥ ਕੇ ਚੱਲ ਰਹੀ ਹੈ।
- ਪ੍ਰਧਾਨ ਮੰਤਰੀ ਆਫਿਸ ਤੋਂ ਜਾਰੀ ਕੀਤੀ ਗਈ ਰਲੀਜ਼ ਵਿੱਚ ਆਖਿਆ ਗਿਆ ਕਿ ਕੈਨੇਡੀਅਨਜ਼ ਦੀਆਂ ਅਗਲੀਆਂ ਪੀੜ੍ਹੀਆਂ ਲਈ ਜਮਹੂਰੀਅਤ, ਆਜ਼ਾਦੀ, ਸ਼ਾਂਤੀ ਨੂੰ ਸਹੇਜ ਕੇ ਰੱਖਣ ਦਾ ਇਹ ਸਾਡਾ ਉਪਰਾਲਾ ਹੈ ਤਾਂ ਕਿ ਉਹ ਵੀ ਉਹੋ ਜਿਹੀ ਸਕਿਊਰਿਟੀ ਤੇ ਖੁਸ਼ਹਾਲੀ ਦਾ ਆਨੰਦ ਮਾਣ ਸਕਣ ਜਿਹੋ ਜਿਹੀ ਸਾਡੇ ਪੁਰਖਿਆਂ ਵੱਲੋ਼ ਸਾਡੇ ਲਈ ਮੁਹੱਈਆ ਕਰਵਾਈ ਗਈ ਸੀ।