ਓਟਵਾ (ਸਾਹਿਬ) : ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ‘ਚ ਹਾਲ ਹੀ ‘ਚ ਵਧੇ ਤਣਾਅ ਤੋਂ ਬਾਅਦ ਇਕ ਵਾਰ ਫਿਰ ਤੋਂ ਨਿਰਾਸ਼ਾਜਨਕ ਖਬਰ ਸਾਹਮਣੇ ਆਈ ਹੈ ਜਿਸ ਵਿਚ Canadian PM ਜਸਟਿਨ ਟਰੂਡੋ ਸਾਹਮਣੇ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਕੀਤੀ ਗਈ ਹੈ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਨ੍ਹਾਂ ਦੇ ਸਾਹਮਣੇ ਭਾਰਤ ਵਿਰੋਧੀ ਨਾਅਰੇ ਲਾਏ ਜਾ ਰਹੇ ਹਨ ਤੇ ਉਹ ਮੁਸਕਰਾ ਰਹੇ ਹਨ। ਹਾਲਾਂਕਿ, ਨੇਸ਼ਨ ਪੋਸਟ ਉਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
- ਦਰਅਸਲ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਵੇਂ ਹੀ ਟੋਰਾਂਟੋ ‘ਚ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਨ ਲਈ ਅੱਗੇ ਵਧੇ ਤਾਂ ਭੀੜ ਵੱਲੋਂ ਖਾਲਿਸਤਾਨ ਦੇ ਸਮਰਥਨ ‘ਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਟਰੂਡੋ ਨੇ ਦੇਸ਼ ਦੇ ਸਿੱਖ ਭਾਈਚਾਰੇ ਨੂੰ ਭਰੋਸਾ ਦਿਵਾਇਆ ਤੇ ਕਿਹਾ ਕਿ ਸਰਕਾਰ ਹਰ ਕੀਮਤ ‘ਤੇ ਉਨ੍ਹਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਵਿਭਿੰਨਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਦੇਸ਼ ਮਤਭੇਦਾਂ ਦੇ ਬਾਵਜੂਦ ਨਹੀਂ, ਸਗੋਂ ਉਨ੍ਹਾਂ ਮਤਭੇਦਾਂ ਕਾਰਨ ਮਜ਼ਬੂਤ ਹੈ।
- ਟਰੂਡੋ ਨੇ ਐਤਵਾਰ ਨੂੰ ਟੋਰਾਂਟੋ ‘ਚ ਖਾਲਸਾ ਸਾਜਨਾ ਦਿਵਸ ਸਮਾਗਮ ਦੌਰਾਨ ਕਿਹਾ ਕਿ ਕੈਨੇਡਾ ਦੀ ਸਭ ਤੋਂ ਵੱਡੀ ਖੂਬੀ ਇਸਦੀ ਵਿਭਿੰਨਤਾ ਹੈ। ਅਸੀਂ ਆਪਣੇ ਮਤਭੇਦਾਂ ਦੇ ਬਾਵਜੂਦ ਨਹੀਂ, ਬਲਕਿ ਆਪਣੇ ਮਤਭੇਦਾਂ ਕਾਰਨ ਮਜ਼ਬੂਤ ਹਾਂ, ਪਰ ਜਦੋਂ ਅਸੀਂ ਇਨ੍ਹਾਂ ਮਤਭੇਦਾਂ ਨੂੰ ਦੇਖਦੇ ਹਾਂ, ਤਾਂ ਸਾਨੂੰ ਯਾਦ ਰੱਖਣਾ ਪਵੇਗਾ ਤੇ ਅਜਿਹੇ ਦਿਨਾਂ ‘ਚ ਹੀ ਨਹੀਂ ਹਰ ਦਿਨ ਯਾਦ ਦਿਵਾਉਣਾ ਪਵੇਗਾ ਸਿੱਖਾਂ ਦੇ ਮੁੱਲ ਕੈਨੇਡਾ ਦੇ ਮੁੱਲ ਹਨ। ਉਨ੍ਹਾਂ ਕਿਹਾ, ‘ਦੇਸ਼ ਭਰ ‘ਚ ਸਿੱਖ ਵਿਰਸੇ ਦੇ ਲਗਪਗ 800,000 ਕੈਨੇਡੀਅਨਾਂ ਲਈ ਅਸੀਂ ਤੁਹਾਡੇ ਅਧਿਕਾਰਾਂ ਤੁਹਾਡੀ ਆਜ਼ਾਦੀ ਦੀ ਰੱਖਿਆ ਲਈ ਹਮੇਸ਼ਾ ਮੌਜੂਦ ਰਹਾਂਗੇ ਤੇ ਅਸੀਂ ਹਮੇਸ਼ਾ ਨਫ਼ਰਤ ਤੇ ਵਿਤਕਰੇ ਖਿਲਾਫ਼ ਤੁਹਾਡੇ ਭਾਈਚਾਰੇ ਦੀ ਰੱਖਿਆ ਕਰਾਂਗੇ।
- ਕੈਨੇਡੀਅਨ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਦੇਸ਼ ਕਮਿਊਨਿਟੀ ਸੈਂਟਰਾਂ ਤੇ ਗੁਰਦੁਆਰਿਆਂ ਸਮੇਤ ਧਾਰਮਿਕ ਸਥਾਨਾਂ ‘ਤੇ ਹੋਰ ਸੁਰੱਖਿਆ ਜੋੜ ਕੇ ਸੁਰੱਖਿਆ ਤੇ ਬੁਨਿਆਦੀ ਢਾਂਚੇ ਦੇ ਪ੍ਰੋਗਰਾਮਾਂ ਨੂੰ ਵਧਾ ਰਿਹਾ ਹੈ। ਟਰੂਡੋ ਨੇ ਆਪਣੇ ਖਾਲਸਾ ਦਿਵਸ ਸੰਬੋਧਨ ‘ਚ ਸਿੱਖ ਭਾਈਚਾਰੇ ਨੂੰ ਭਰੋਸਾ ਦਿਵਾਇਆ। ਇਹ ਬਿਲਕੁਲ ਤੁਹਾਡਾ ਹੱਕ ਹੈ ਕਿ ਤੁਸੀਂ ਆਪਣੇ ਧਰਮ ਦਾ ਅਜ਼ਾਦੀ ਤੇ ਡਰ ਦੇ ਬਿਨਾਂ ਪਾਲਣ ਕਰੋ। ਇਹ ਕੈਨੇਡੀਅਨ ਚਾਰਟਰ ਆਫ਼ ਰਾਈਟਸ ਐਂਡ ਫ੍ਰੀਡਮਜ਼ ‘ਚ ਗਾਰੰਟੀਸ਼ੁਦਾ ਮੌਲਿਕ ਅਧਿਕਾਰ ਹੈ ਜਿਸ ਲਈ ਅਸੀਂ ਹਮੇਸ਼ਾ ਖੜ੍ਹੇ ਹੋਵਾਂਗੇ ਤੇ ਤੁਹਾਡੀ ਰੱਖਿਆ ਕਰਾਂਗੇ। ਹਾਲਾਂਕਿ, ਜਦੋਂ ਟਰੂਡੋ ਬੋਲ ਰਹੇ ਸਨ ਤਾਂ ਬੈਕਗਰਾਊਂਡ ‘ਚ ਕਈ ਖਾਲਿਸਤਾਨ ਪੱਖੀ ਨਾਅਰੇ ਵੀ ਸੁਣੇ ਗਏ।
————————————