ਓਟਵਾ (ਸਾਹਿਬ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਤਵਾਰ ਨੂੰ ਐਲਾਨ ਕੀਤਾ ਗਿਆ ਕਿ ਲਿਬਰਲ ਸਰਕਾਰ ਆਰਟੀਫਿਸ਼ਲ ਇੰਟੈਲੀਜੈਂਸ ਵਿੱਚ ਆਪਣੀ ਸਮਰੱਥਾ ਵਧਾਉਣ ਲਈ 2.4 ਬਿਲੀਅਨ ਡਾਲਰ ਬਜਟ ਵਿੱਚ ਪਾਸੇ ਰੱਖਣ ਜਾ ਰਹੀ ਹੈ।
- ਬਜਟ ਤੋਂ ਪਹਿਲਾਂ ਮਾਂਟਰੀਅਲ ਦੇ ਟੂਰ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਇਸ ਸਬੰਧੀ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਸਰਕਾਰ ਜਲਦ ਹੀ AI ਕੰਪਿਊਟ ਐਕਸੈੱਸ ਫੰਡ ਲਈ ਇੰਡਸਟਰੀ ਨਾਲ ਸਲਾਹ ਮਸ਼ਵਰਾ ਸ਼ੁਰੂ ਕਰ ਦੇਵੇਗੀ ਤੇ ਕੈਨੇਡਾ ਵਿੱਚ ਇਸ ਸੈਕਟਰ ਦੇ ਵਿਕਾਸ ਲਈ ਰਣਨੀਤੀ ਉਲੀਕੀ ਜਾਵੇਗੀ ਅਤੇ 2·4 ਬਿਲੀਅਨ ਡਾਲਰ ਦਾ ਇਕ ਵਡਾ ਨਿਵੇਸ਼ ਕੀਤਾ ਜਾਵੇਗਾ। ਇਸ ਵਿੱਚੋਂ 2 ਬਿਲੀਅਨ ਡਾਲਰ ਕੰਪਿਊਟਿੰਗ ਕੇਪੇਬਿਲੀਟੀਜ਼ ਤੇ ਟੈਕਨੀਕਲ ਇਨਫਰਾਸਟ੍ਰਕਚਰ ਨੂੰ ਬਿਹਤਰ ਬਣਾਉਣ ਲਈ ਮੁਹੱਈਆ ਕਰਵਾਏ ਜਾਣਗੇ। ਟਰੂਡੋ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਕੰਪਨੀਆਂ ਇਸ ਤਰ੍ਹਾਂ ਏਆਈ ਨੂੰ ਅਪਨਾਉਣ ਕਿ ਉਨ੍ਹਾਂ ਦਾ ਸਾਰਿਆਂ ਉੱਤੇ ਸਕਾਰਾਤਮਕ ਅਸਰ ਪਵੇ।
- ਉਨ੍ਹਾਂ ਦੱਸਿਆ ਕਿ ਖੇਤੀਬਾੜੀ, ਹੈਲਥ ਕੇਅਰ ਤੇ ਕਲੀਨ ਟੈਕਨਾਲੋਜੀ ਵਰਗੇ ਸੈਕਟਰਜ਼ ਲਈ ਏਆਈ ਨੂੰ ਅਪਨਾਉਣ ਵਾਸਤੇ 200 ਮਿਲੀਅਨ ਡਾਲਰ ਖਰਚੇ ਜਾਣਗੇ। ਸਰਕਾਰ ਦੀ ਯੋਜਨਾ ਅਨੁਸਾਰ 50 ਮਿਲੀਅਨ ਡਾਲਰ ਐਡਵਾਂਸਡ ਏਆਈ ਸਿਸਟਮ ਦੀ ਹਿਫਾਜ਼ਤ ਕਰਨ ਲਈ ਏਆਈ ਸੇਫਟੀ ਇੰਸਟੀਚਿਊਟ ਉੱਤੇ ਖਰਚੇ ਜਾਣਗੇ ਜਦਕਿ 5.1 ਮਿਲੀਅਨ ਡਾਲਰ ਏਆਈ ਤੇ ਡਾਟਾ ਕਮਿਸ਼ਨਰ ਦੇ ਆਫਿਸ ਨੂੰ ਪ੍ਰਸਤਾਵਿਤ ਆਰਟੀਫਿਸ਼ਲ ਇੰਟੈਲੀਜੈਂਸ ਤੇ ਡਾਟਾ ਐਕਟ ਨੂੰ ਲਾਗੂ ਕਰਨ ਲਈ ਦਿੱਤੇ ਜਾਣਗੇ।