ਲੁਧਿਆਣਾ (ਹਰਮੀਤ) : ਰਾਹੁਲ ਗਾਂਧੀ ਵੱਲੋਂ ਸਿੱਖਾਂ ਬਾਰੇ ਅਮਰੀਕਾ ਵਿਚ ਦਿੱਤੇ ਬਿਆਨ ‘ਤੇ ਵਿਵਾਦ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਕਿਹਾ ਭਾਜਪਾ ਨੇ ਹਮੇਸ਼ਾ ਹੀ ਧਰਮ ਦੇ ਨਾਮ ‘ਤੇ ਦੇਸ਼ ਨੂੰ ਵੰਡਣ ਦੀ ਰਾਜਨੀਤੀ ਕੀਤੀ ਹੈ। ਭਾਜਪਾ ਅਤੇ ਉਨ੍ਹਾਂ ਦਾ ਵਿਕਾਊ ਮੀਡੀਆ ਰਾਹੁਲ ਗਾਂਧੀ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾ ਰਿਹਾ ਹੈ, ਪਰ ਦੇਸ਼ ਦੇ ਲੋਕ ਸੱਚ ਤੋਂ ਜਾਣੂ ਹਨ ਅਤੇ ਉਹ ਇਸ ਨਫ਼ਰਤ ਦੀ ਰਾਜਨੀਤੀ ਦਾ ਜਵਾਬ ਜ਼ਰੂਰ ਦੇਣਗੇ।
ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਇਸ ਦੇਸ਼ ਦੇ ਲੋਕਾਂ ਨੂੰ ਪਿਆਰ ਕਰਦੇ ਹਨ ਭਾਵੇਂ ਉਹ ਸਿੱਖ ਹੋਣ, ਹਿੰਦੂ ਹੋਣ, ਪੱਛੜੇ ਹੋਣ।
ਰਾਜਾ ਵੜਿੰਗ ਨੇ ਕਿਹਾ ਕਿ ਅਮਰੀਕਾ ਵਿਚ ਰਾਹੁਲ ਗਾਂਧੀ ਨੇ ਇਕ ਸਿੱਖ ਵਿਅਕਤੀ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਤੁਸੀਂ ਜੋ ਕੜਾ ਤੇ ਦਸਤਾਰ ਬੰਨ੍ਹੀ ਹੋਈ ਹੈ, ਹੋ ਸਕਦਾ ਹੈ ਕੱਲ੍ਹ ਨੂੰ ਇਹ ਵੀ ਕਿਸੇ ਤੋਂ ਪੁੱਛ ਕੇ ਬੰਨ੍ਹਣੀ ਪਵੇ। ਵੜਿੰਗ ਨੇ ਕਿਹਾ ਕਿ ਉਸ ਗੱਲ ਦਾ ਮਤਲਬ ਸੀ ਕਿ ਹਿੰਦੁਸਤਾਨ ਦੇ ਲੋਕਾਂ ਵਿਚ ਡਰ ਦਾ ਮਾਹੌਲ ਹੈ। ਸੱਤਾ ਦੀ ਰਾਜਨੀਤੀ ਨੇ ਦੇਸ਼ ਨੂੰ ਵੰਡਣ ਦਾ ਕੰਮ ਕਰ ਦਿੱਤਾ ਹੈ। ਰਾਹੁਲ ਗਾਂਧੀ ਨੇ ਵੀ ਇਹੀ ਕਿਹਾ ਕਿ ਲੋਕਾਂ ਨੂੰ ਧਰਮ ਤੇ ਜਾਤਿ ਦੇ ਨਾਂ ‘ਤੇ ਵੰਡਿਆ ਜਾ ਰਿਹਾ ਹੈ। ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਜੋ ਕਿਹਾ, ਸਹੀ ਕਿਹਾ, ਇਸ ਵਿਚ ਸਿੱਖਾਂ ਦੇ ਖ਼ਿਲਾਫ਼ ਕੋਈ ਗੱਲ ਨਹੀਂ ਸੀ।
ਉਨ੍ਹਾਂ ਨੇ ਰਾਹੁਲ ਗਾਂਧੀ ਦਾ ਵਿਰੋਧ ਕਰਨ ਵਾਲੇ ਕੁਝ ਭਾਜਪਾ ਆਗੂਆਂ ‘ਤੇ ਵੀ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਹ ਭਗੌੜੇ ਕਦੇ ਰਾਹੁਲ ਗਾਂਧੀ ਦੀਆਂ ਤਾਰੀਫ਼ਾਂ ਕਰਦੇ ਨਹੀਂ ਸੀ ਥੱਕਦੇ। ਇਹ ਲੋਕ ਕੁਝ ਨਹੀਂ ਸੀ, ਇਨ੍ਹਾਂ ਨੂੰ ਰਾਹੁਲ ਗਾਂਧੀ ਨੇ ਬਣਾਇਆ ਹੈ। ਕਾਂਗਰਸ ਛੱਡ ਕੇ ਗਿਆ ਜਿਹੜਾ ਬੰਦਾ ਚੋਣ ਹਾਰਿਆ ਸੀ, ਉਸ ਨੂੰ ਵੀ ਭਾਜਪਾ ਵਾਲਿਆਂ ਨੇ ਵੱਡਾ ਬਣਾ ਦਿੱਤਾ।
ਰਾਜਾ ਵੜਿੰਗ ਨੇ ਰਾਹੁਲ ਗਾਂਧੀ ਸਿੱਖ ਇਤਿਹਾਸ, ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਬਾਰੇ ਇਨ੍ਹਾਂ ਭਾਜਪਾ ਆਗੂਆਂ ਨਾਲੋਂ ਵੱਧ ਜਾਣਕਾਰੀ ਰੱਖਦੇ ਹਨ। ਵੜਿੰਗ ਨੇ ਇਨ੍ਹਾਂ ਭਾਜਪਾ ਆਗੂਆਂ ਨੂੰ ਚੈਲੰਜ ਕੀਤਾ ਕਿ ਉਹ ਰਾਹੁਲ ਗਾਂਧੀ ਨਾਲ ਸਿੱਖੀ ‘ਤੇ ਗੱਲ ਕਰ ਕੇ ਦਿਖਾ ਦੇਣ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਸਿੱਖ ਕੌਮ ਪ੍ਰਤੀ ਬਹੁਤ ਭਾਰੀ ਪਿਆਰ ਤੇ ਵਿਸ਼ਵਾਸ ਹੈ। ਜਿਹੜਾ ਬੰਦਾ ਆਪਣੇ ਇੰਨੇ ਰੁਝੇਵਿਆਂ ਵਿੱਚੋਂ 3-3 ਦਿਨ ਸ੍ਰੀ ਹਰਿਮੰਦਰ ਸਾਹਿਬ ਸੇਵਾ ਕਰ ਕੇ ਆਪਣੀ ਭਾਵਨਾ ਲੋਕਾਂ ਨੂੰ ਪ੍ਰਗਟ ਕਰੇ, ਪੰਜਾਬ ਵਿਚ ਯਾਤਰਾ ਦੌਰਾਨ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੱਗ ਬੰਨ੍ਹ ਕੇ ਨਤਮਸਤਕ ਹੋਵੇ, ਦੇਸ਼ ਦੀ ਪਾਰਲੀਮੈਂਟ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰੇ, ਉਹ ਸਿੱਖਾਂ ਦੇ ਖ਼ਿਲਾਫ਼ ਕਿਵੇਂ ਹੋ ਸਕਦਾ ਹੈ?