ਚੰਡੀਗੜ੍ਹ (ਸਾਹਿਬ) – ਹਰਿਆਣਾ ਐਂਟੀ ਕਰੱਪਸ਼ਨ ਬਿਊਰੋ ਦੀ ਟੀਮ ਨੇ ਅੱਜ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਪੰਚਕੂਲਾ ਤੋਂ ਸਹਿਕਾਰੀ ਵਿਭਾਗ ਦੇ ਸੰਯੁਕਤ ਰਜਿਸਟਰਾਰ ਨਰੇਸ਼ ਕੁਮਾਰ ਗੋਇਲ ਨੂੰ ਗ੍ਰਿਫਤਾਰ ਕੀਤਾ ਹੈ। ਸਹਿਕਾਰਤਾ ਵਿਭਾਗ ਵਿੱਚ ਹਾਲ ਹੀ ਵਿੱਚ ਹੋਏ ਕਰੋੜਾਂ ਰੁਪਏ ਦੇ ਘਪਲੇ ਦਾ ਪਰਦਾਫਾਸ਼ ਹੋਣ ਕਾਰਨ ਮੁਲਜ਼ਮ ਮਾਸਟਰ ਮਾਈਂਡ ਨੂੰ ਏ.ਸੀ.ਬੀ. ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ।
- ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਭ੍ਰਿਸ਼ਟਾਚਾਰ ਰੋਕੂ ਬਿਊਰੋ ਕੋਲ ਜਾਂਚ ਲਈ ਆਇਆ ਸੀ, ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਹੁਣ ਤੱਕ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਨਰੇਸ਼ ਕੁਮਾਰ ਗੋਇਲ ‘ਤੇ ਉਸ ਦੇ ਸਾਥੀ ਮੁਲਜ਼ਮਾਂ ਨਾਲ ਮਿਲ ਕੇ ਕਰੋੜਾਂ ਰੁਪਏ ਦੇ ਸਰਕਾਰੀ ਫੰਡਾਂ ਦੀ ਗਬਨ ਕਰਨ ਦਾ ਦੋਸ਼ ਹੈ।
- ਜ਼ਿਕਰਯੋਗ ਹੈ ਕਿ ਹਰਿਆਣਾ ਦੇ ਸਹਿਕਾਰੀ ਵਿਭਾਗ ਵੱਲੋਂ ਚਲਾਏ ਜਾ ਰਹੇ ਏਕੀਕ੍ਰਿਤ ਸਹਿਕਾਰੀ ਵਿਕਾਸ ਪ੍ਰੋਜੈਕਟ (ਆਈਸੀਡੀਪੀ) ਵਿੱਚ 100 ਕਰੋੜ ਰੁਪਏ ਦੇ ਘਪਲੇ ਦਾ ਪਰਦਾਫਾਸ਼ ਹੋਇਆ ਸੀ। ਸਹਿਕਾਰਤਾ ਵਿਭਾਗ ਦੇ ਸਹਾਇਕ ਰਜਿਸਟਰਾਰ, ਸਹਿਕਾਰੀ ਸਭਾ ਦੇ ਜ਼ਿਲ੍ਹਾ ਰਜਿਸਟਰਾਰ ਅਤੇ ਆਡੀਟਰ ਨੇ ਮਿਲੀਭੁਗਤ ਨਾਲ ਗੋਦਾਮ ਅਤੇ ਇਮਾਰਤ ਦੀ ਉਸਾਰੀ ਕਰਵਾਏ ਬਿਨਾਂ ਹੀ ਜਾਅਲੀ ਬਿੱਲਾਂ ਰਾਹੀਂ ਰਕਮ ਦੀ ਅਦਾਇਗੀ ਕਰ ਲਈ। ਫਿਰ ਇਸ ਰਕਮ ਨਾਲ ਮੁਲਜ਼ਮ ਨੇ ਇੱਕ ਫਲੈਟ ਅਤੇ ਜ਼ਮੀਨ ਵੀ ਖਰੀਦੀ। ਜ਼ਿਕਰਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀ ਇਸ ਮਾਮਲੇ ‘ਤੇ ਨਜ਼ਰ ਰੱਖੀ ਹੋਈ ਹੈ।