ਨਵੀਂ ਦਿੱਲੀ (ਸਾਹਿਬ)— ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਭੋਪਾਲ ਦੇ ਨਵ ਭਾਰਤ ਪ੍ਰੈੱਸ ਦੀਆਂ 10 ਅਚੱਲ ਜਾਇਦਾਦਾਂ ਕੁਰਕ ਕੀਤੀਆਂ ਹਨ। ਈਡੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਨ੍ਹਾਂ ਜਾਇਦਾਦਾਂ ਦੀ ਕੁੱਲ ਕੀਮਤ 2.36 ਕਰੋੜ ਰੁਪਏ ਹੈ। ਜੋ ਕਿ ਮੱਧ ਪ੍ਰਦੇਸ਼ ਦੇ ਸਤਨਾ ਅਤੇ ਸਿਹੋਰ ਵਿੱਚ ਸਥਿਤ ਹਨ। ਕੇਂਦਰੀ ਜਾਂਚ ਏਜੰਸੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਦੇ ਤਹਿਤ ਪ੍ਰੈਸ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
- ਈਡੀ ਦੁਆਰਾ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਸੀਬੀਆਈ, ਐਸਪੀਈ, ਬੀਐਸ ਅਤੇ ਐਫਸੀ ਦੁਆਰਾ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਬਾਅਦ ਵਿੱਚ, ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਪ੍ਰੈਸ ਡਾਇਰੈਕਟਰ ਸੁਮਿਤ ਮਹੇਸ਼ਵਰੀ ਅਤੇ ਹੋਰਾਂ ਨੇ ਧੋਖਾਧੜੀ ਕੀਤੀ ਸੀ। ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਬੈਂਕ ਆਫ ਮਹਾਰਾਸ਼ਟਰ ਤੋਂ ਲੋਨ ਲਿਆ ਸੀ। ਇਹ ਕਰਜ਼ਾ ਪ੍ਰੈਸ ਦੇ ਆਧੁਨਿਕੀਕਰਨ ਅਤੇ ਨਵੀਆਂ ਮਸ਼ੀਨਾਂ ਖਰੀਦਣ ਲਈ ਲਿਆ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਇਹ ਪੈਸਾ ਮੋੜ ਦਿੱਤਾ ਗਿਆ ਅਤੇ ਸੁਮੀਤ ਦੇ ਭਰਾ ਸੰਦੀਪ ਮਹੇਸ਼ਵਰੀ ਦੀ ਕੰਪਨੀ ਐਨਬੀ ਗਰੁੱਪ ਦੇ ਕਰਮਚਾਰੀਆਂ ਨੂੰ ਦੇ ਦਿੱਤਾ ਗਿਆ।
- ਈਡੀ ਦੇ ਅਨੁਸਾਰ, ਇਸ ਤਰ੍ਹਾਂ ਪੈਸੇ ਦੀ ਵਰਤੋਂ ਕਾਰੋਬਾਰ ਅਤੇ ਨਿੱਜੀ ਵਿੱਤੀ ਜ਼ਿੰਮੇਵਾਰੀਆਂ ਨੂੰ ਨਿਪਟਾਉਣ ਲਈ ਕੀਤੀ ਗਈ ਸੀ। ਜਾਰੀ ਬਿਆਨ ਅਨੁਸਾਰ ਇਹ ਕਰਜ਼ਾ ਬਾਅਦ ਵਿੱਚ ਬੈਂਕ ਨੂੰ ਵਾਪਸ ਨਹੀਂ ਕੀਤਾ ਗਿਆ। ਈਡੀ ਮੁਤਾਬਕ ਬੈਂਕ ਆਫ ਮਹਾਰਾਸ਼ਟਰ ਦੇ ਨਾਲ 15.67 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।