ਹਿਜਾਬ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਸਥਿਤੀ ਹਿੰਸਾ ਤੱਕ ਪਹੁੰਚ ਗਈ ਹੈ। ਕਰਨਾਟਕ ਦੇ ਸ਼ਿਵਮੋਗਾ ‘ਚ 23 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਇੱਥੇ ਤਣਾਅ ਦੀ ਸਥਿਤੀ ਬਣੀ ਹੋਈ ਹੈ ਅਤੇ ਧਾਰਾ 144 ਲਾਗੂ ਹੈ। ਜਾਣਕਾਰੀ ਮੁਤਾਬਕ ਨੌਜਵਾਨ ਦਾ ਨਾਂ ਹਰਸ਼ ਹੈ ਅਤੇ ਉਹ ਬਜਰੰਗ ਦਲ ਦਾ ਵਰਕਰ ਸੀ। ਰਾਜ ਦੇ ਗ੍ਰਹਿ ਮੰਤਰੀ ਅਰਾਗਾ ਜਨੇਂਦਰ ਨੇ ਅਗਲੇ ਦੋ ਦਿਨਾਂ ਲਈ ਜ਼ਿਲ੍ਹੇ ਦੇ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਹਨ।
ਉਨ੍ਹਾਂ ਦੱਸਿਆ ਕਿ 4 ਤੋਂ 5 ਨੌਜਵਾਨਾਂ ਨੇ ਹਰਸ਼ ਦਾ ਕਤਲ ਕਰ ਦਿੱਤਾ ਹੈ। ਫਿਲਹਾਲ ਇਸ ਘਟਨਾ ਪਿੱਛੇ ਕਿਸੇ ਵੀ ਸੰਗਠਨ ਦਾ ਨਾਂ ਸਾਹਮਣੇ ਨਹੀਂ ਆਇਆ ਹੈ। ਫਿਲਹਾਲ ਸ਼ਿਵਮੋਗਾ ਜ਼ਿਲੇ ‘ਚ ਕਾਨੂੰਨ ਵਿਵਸਥਾ ਕੰਟਰੋਲ ‘ਚ ਹੈ। ਹਾਲਾਂਕਿ ਕੁਝ ਲੋਕਾਂ ਨੇ ਇਸ ਘਟਨਾ ਦੇ ਖਿਲਾਫ ਪ੍ਰਦਰਸ਼ਨ ਕੀਤਾ ਹੈ। ਜ਼ਿਲੇ ਦੇ ਸੀਗੇਹੱਟੀ ਇਲਾਕੇ ‘ਚ ਕਈ ਲੋਕਾਂ ਨੇ ਕੁਝ ਵਾਹਨਾਂ ਨੂੰ ਅੱਗ ਲਗਾ ਦਿੱਤੀ, ਜਿਸ ਨੂੰ ਬੁਝਾਉਣ ਦਾ ਕੰਮ ਜਾਰੀ ਹੈ। ਇਸ ਘਟਨਾ ਨੇ ਸੂਬੇ ਦਾ ਸਿਆਸੀ ਤਾਪਮਾਨ ਵਧਾ ਦਿੱਤਾ ਹੈ ਜੋ ਪਹਿਲਾਂ ਹੀ ਹਿਜਾਬ ਵਿਵਾਦ ਕਾਰਨ ਚੜ੍ਹਿਆ ਹੋਇਆ ਹੈ।
ਨੌਜਵਾਨ ਨੇ ਹਿਜਾਬ ਦੇ ਖਿਲਾਫ ਸੋਸ਼ਲ ਮੀਡੀਆ ‘ਤੇ ਪੋਸਟ ਲਿਖੀ
ਪੁਲਸ ਮੁਤਾਬਕ ਨੌਜਵਾਨ ਦੀ ਐਤਵਾਰ ਰਾਤ ਕਰੀਬ 9 ਵਜੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਤੋਂ ਬਾਅਦ ਤਣਾਅ ਵਧ ਗਿਆ। ਸ਼ਿਵਮੋਗਾ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਦੰਗੇ ਹੋਏ ਅਤੇ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ। ਪੁਲਸ ਇਸ ਮਾਮਲੇ ਨੂੰ ਹਿਜਾਬ ਵਿਵਾਦ ਨਾਲ ਜੋੜ ਕੇ ਦੇਖ ਰਹੀ ਹੈ ਕਿਉਂਕਿ ਨੌਜਵਾਨ ਨੇ ਕੁਝ ਦਿਨ ਪਹਿਲਾਂ ਫੇਸਬੁੱਕ ‘ਤੇ ਇਸ ਨਾਲ ਜੁੜੀ ਇਕ ਪੋਸਟ ਲਿਖੀ ਸੀ। ਇਸ ਪੋਸਟ ਵਿੱਚ, ਉਸਨੇ ਹਿਜਾਬ ਦਾ ਵਿਰੋਧ ਕੀਤਾ ਅਤੇ ਭਗਵਾ ਗਮਚਾ ਦਾ ਸਮਰਥਨ ਕੀਤਾ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਬਿਆਨ ਨਹੀਂ ਦਿੱਤਾ ਹੈ।
ਹਿਜਾਬ ਦਾ ਵਿਰੋਧ ਕਰਦਾ ਹੋਇਆ ਬਜਰੰਗ ਦਲ
ਤੁਹਾਨੂੰ ਦੱਸ ਦੇਈਏ ਕਿ ਕਰਨਾਟਕ ਦੇ ਉਡੁਪੀ ਦੇ ਕਾਲਜ ਤੋਂ ਸ਼ੁਰੂ ਹੋਇਆ ਵਿਵਾਦ ਹੁਣ ਅੰਤਰਰਾਸ਼ਟਰੀ ਰੂਪ ਲੈ ਚੁੱਕਾ ਹੈ। ਇਸ ਦੇ ਨਾਲ ਹੀ ਕਰਨਾਟਕ ਦੇ ਕੋਪਾ ਦੇ ਸਕਰੀ ਸਕੂਲ ‘ਚ ਵਿਦਿਆਰਥੀਆਂ ਨੇ ਭਗਵੇਂ ਗਮਚੇ ਪਾ ਕੇ ਹਿਜਾਬ ਦਾ ਵਿਰੋਧ ਕੀਤਾ। ਦੱਸਿਆ ਗਿਆ ਕਿ ਸਕੂਲ ਪ੍ਰਸ਼ਾਸਨ ਨੇ ਭਗਵਾ ਪਹਿਨਣ ਦੀ ਇਜਾਜ਼ਤ ਦਿੱਤੀ ਸੀ। ਬਜਰੰਗ ਦਲ ਇਸ ਮਾਮਲੇ ‘ਚ ਕਾਫੀ ਸਰਗਰਮ ਹੈ। ਬਜਰੰਗ ਦਲ ਦੇ ਕਰਨਾਟਕ ਕਨਵੀਨਰ ਸੁਨੀਲ ਕੇਆਰ ਨੇ ਇਸ ਨੂੰ ਜਿਹਾਦ ਕਿਹਾ ਹੈ। ਇਸ ਦੇ ਨਾਲ ਹੀ ਬਜਰੰਗ ਦਲ ਦੇ ਵਰਕਰਾਂ ਨੇ ਵੱਖ-ਵੱਖ ਥਾਵਾਂ ‘ਤੇ ਪ੍ਰਦਰਸ਼ਨ ਵੀ ਕੀਤਾ।
ਹਿਜਾਬ ਵਿਵਾਦ ਦਾ ਸੇਕ ਬਾਲੀਵੁੱਡ ਤੱਕ ਵੀ ਪਹੁੰਚ ਗਿਆ
ਹਿਜਾਬ ਵਿਵਾਦ ਪਹਿਲਾਂ ਰਾਜਨੀਤੀ ਤੱਕ ਪਹੁੰਚਿਆ ਅਤੇ ਹੁਣ ਬਾਲੀਵੁੱਡ ‘ਚ ਵੀ ਇਸ ਦੀ ਐਂਟਰੀ ਹੋ ਗਈ ਹੈ। ਸਾਬਕਾ ਅਦਾਕਾਰਾ ਜ਼ਾਇਰਾ ਵਸੀਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਬਾਰੇ ਪੋਸਟ ਕੀਤਾ ਅਤੇ ਹਿਜਾਬ ਦਾ ਸਮਰਥਨ ਕੀਤਾ। ਉਨ੍ਹਾਂ ਲਿਖਿਆ ਕਿ ਇਹ ਸਿਰਫ਼ ਇੱਕ ਸ਼ੌਕ ਨਹੀਂ ਸਗੋਂ ਅੱਲਾਹ ਵੱਲੋਂ ਦਿੱਤਾ ਗਿਆ ਇੱਕ ਫ਼ਰਜ਼ ਹੈ ਜਿਸ ਨੂੰ ਲੋਕਾਂ ਨੇ ਪੂਰਾ ਕਰਨਾ ਹੈ। ਜ਼ਾਇਰਾ ਨੇ ਕਿਹਾ, ਮੈਂ ਵੀ ਇਕ ਔਰਤ ਹਾਂ ਅਤੇ ਹਿਜਾਬ ਪਹਿਨਦੀ ਹਾਂ। ਕਿਸੇ ਦੀਆਂ ਧਾਰਮਿਕ ਰਵਾਇਤਾਂ ‘ਤੇ ਪਾਬੰਦੀ ਨਹੀਂ ਲਾਈ ਜਾ ਸਕਦੀ।